ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ
ਇੱਥੋਂ ਦੇ ਥਾਂਦੇਵਾਲਾ ਰੋਡ ’ਤੇ ਮੋਟਰਸਾਈਕਲ ਸਵਾਰ ਨੇ ਔਰਤ ਦੇ ਗਲ ’ਚ ਪਾਈ ਸੋਨੇ ਦੀ ਚੇਨੀ ਝਪਟ ਲਈ। ਸਿਟੀ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਬਾਵਾ ਕਲੋਨੀ ਦੀ ਗਲੀ ਨੰਬਰ 2 ਦੇ ਵਸਨੀਕ ਬਲਵਾਨ ਸਿੰਘ ਜਾਂਗੜਾ ਨੇ ਦੱਸਿਆ ਕਿ ਉਸ ਦੀ ਪਤਨੀ ਕਮਲੇਸ਼ ਜਾਂਗੜਾ ਥਾਂਦੇਵਾਲਾ ਰੋਡ ’ਤੇ ਪੈਦਲ ਦੁੱਧ ਲੈਣ ਜਾ ਰਹੀ ਸੀ ਕਿ ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਨੌਜਵਾਨ ਨੇ ਉਸ ਦੇ ਗਲ ’ਚ ਪਾਈ ਸੋਨੇ ਦੀ ਚੇਨੀ ਖੋਹ ਲਈ ਤੇ ਕੋਟਕਪੂਰਾ ਬਾਈਪਾਸ ਵੱਲ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ’ਚ ਨੌਜਵਾਨ ਮੋਟਰਸਾਈਕਲ ’ਤੇ ਜਾਂਦਾ ਦਿਖਾਈ ਦੇ ਰਿਹਾ ਹੈ ਜਿਸ ਦਾ ਮੂੰਹ ਸਿਰ ਢਕਿਆ ਹੋਇਆ ਹੈ ਤੇ ਅਸਮਾਨੀ ਰੰਗ ਦੀ ਕਮੀਜ਼ ਪਾਈ ਹੋਈ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੁਲਜ਼ਮ ਨੂੰ ਕਾਬੂ ਕਰਨ ਦੀ ਮੰਗ ਕੀਤੀ।