ਪੱਤਰ ਪ੍ਰੇਰਕ
ਜੈਤੋ, 11 ਅਕਤੂਬਰ
ਇਥੇ ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਵਿੱਚ ਵਿਦਿਆਰਥੀਆਂ ਦਾ ਚਾਰ-ਰੋਜ਼ਾ ਹੁਨਰ ਮੇਲਾ ਕਰਵਾਇਆ ਗਿਆ। ਇਸ ਮੇਲੇ ’ਚ ਸਿਲਵਰ ਓਕਸ ਸਕੂਲ ਗਰੁੱਪ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਧਰਮਿੰਦਰ ਕੌਰ ਨੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਇਸ ਤਰ੍ਹਾਂ ਦੀ ਮੁਕਾਬਲੇ ਕਰਵਾਉਣ ਦਾ ਮਕਸਦ ਬੱਚਿਆਂ ਵਿੱਚ ਸਾਹਿਤਕ ਰੁਚੀਆਂ ਅਤੇ ਸਾਕਾਰਾਤਮਕ ਅਲੋਚਨਾ ਕਰਨ ਦੀ ਬਿਰਤੀ ਪੈਦਾ ਕਰਨਾ ਹੈ। ਐਲਾਨੇ ਨਤੀਜਿਆਂ ਮੁਤਾਬਕ ‘ਪਾਤਰ ਚਿਤਰਣ ਲੇਖਣ’ ਅਤੇ ‘ਸਵਾਲ-ਜਵਾਬ’ ਦੇ ਮੁਕਾਬਲੇ ਵਿੱਚ ਨੌਵੀਂ ਜਮਾਤ ਦੇ ਅਰਸ਼ਦੀਪ ਨੇ ਪਹਿਲਾ ਤੇ ਦਸਵੀਂ ਜਮਾਤ ਦੇ ਲਕਸ਼ ਗਰਗ ਨੇ ਤੀਜਾ ਸਥਾਨ ਹਾਸਿਲ ਕੀਤਾ। ‘ਹਾਸਰਸ ਕਵੀ ਸੰਮੇਲਨ’ ਵਿੱਚ ਏਂਜਲ ਨੇ ਪਹਿਲਾ, ‘ਮੋਨੋ ਐਕਟਿੰਗ’ ’ਚ ਹਰਸੀਰਤ ਕੌਰ ਨੇ ਤੀਜਾ, ‘ਤੁਰੰਤ ਦਿੱਤੇ ਵਿਸ਼ੇ ’ਤੇ ਭਾਸ਼ਣ’ ਵਿੱਚ ਲਿਵਸੀਰਤ ਨੇ ਤੀਜਾ, ‘ਅੰਗਰੇਜ਼ੀ ਕਵਿਤਾ ਉਚਾਰਨ’ ਵਿੱਚ ਲਕਸ਼ਜੀਤ ਨੇ ਪਹਿਲਾ ਅਤੇ ਨਾਜ਼ ਨੇ ਤੀਜਾ, ‘ਫੈਂਸੀ ਡਰੈੱਸ’ ’ਚ ਰਿਹਾਨ ਸਿੰਗਲਾ ਨੇ ਪਹਿਲਾ ਸਥਾਨ ਮੱਲਿਆ।
ਅੰਤਰ- ਸਕੂਲ ਸਾਹਿਤਕ ਮੇਲਾ ਕਰਵਾਇਆ
ਭੁੱਚੋ ਮੰਡੀ: ਸਿਲਵਰ ਓਕਸ ਸਕੂਲ ਭੁੱਚੋ ਵੱਲੋਂ ਬੱਚਿਆਂ ਵਿੱਚ ਆਤਮ ਵਿਸ਼ਵਾਸ ਅਤੇ ਪੇਸ਼ਕਾਰੀ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਅੰਤਰ ਸਕੂਲ ਸਾਹਿਤਕ ਮੇਲਾ ਕਰਵਾਇਆ ਗਿਆ। ਇਸ ਵਿੱਚ ਐੱਲ ਕੇਜੀ ਤੇ ਯੂ ਕੇਜੀ ਦੇ ਬੱਚਿਆਂ ਦੇ ‘ਸੁਪਰ ਮਾਡਲ’ ਪ੍ਰੋਗਰਾਮ ਤਹਿਤ ਫੈਂਸੀ ਡਰੈੱਸ ਮੁਕਾਬਲੇ ਅਤੇ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਵਿਚਕਾਰ ’ਵਰਬਲ ਚਾਈਮਜ਼’ ਵਿੱਚ ਅੰਗਰੇਜ਼ੀ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਨੇ ਜੋਤੀ ਬਾਲ ਕੇ ਕੀਤੀ। ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ