ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 15 ਜੁਲਾਈ
ਗਿੱਦੜਬਾਹਾ ਇਲਾਕੇ ਵਿਚ ਅੱਜ ਮੌਨਸੂਨ ਦੀ ਪਹਿਲੀ ਭਰਵੀਂ ਬਾਰਿਸ਼ ਹੋਈ, ਜੋਕਿ ਕਰੀਬ 62.2 ਐੱਮਐੱਮ ਰਿਕਾਰਡ ਕੀਤੀ ਗਈ। ਗਿੱਦੜਬਾਹਾ ਵਿਚ ਅੱਜ ਸਵੇਰੇ ਕਰੀਬ 4.30 ਵਜੇ ਬਾਰਸ਼ ਸ਼ੁਰੂ ਹੋਈ ਜੋ ਲਗਾਤਾਰ ਚਾਰ ਘੰਟੇ ਜਾਰੀ ਰਹੀ, ਜਿਸ ਨਾਲ ਗਿੱਦੜਬਾਹਾ ਸ਼ਹਿਰ ਅੰਦਰ ਲਗਪਗ ਹਰ ਗਲੀ-ਮੁਹੱਲੇ ਅਤੇ ਬਾਜ਼ਾਰ ਵਿੱਚ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ। ਬਾਜ਼ਾਰਾਂ ਵਿੱਚ ਇਕੱਤਰ ਹੋਇਆ ਪਾਣੀ ਸ਼ਟਰਾਂ ਦੇ ਹੇਠੋਂ ਦੁਕਾਨਾਂ ਵਿੱਚ ਦਾਖਲ ਹੋ ਗਿਆ ਜਿਸ ਨਾਲ ਦੁਕਾਨਾਂ ਵਿਚ ਸਾਮਾਨ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਬਾਰਿਸ਼ ਦਾ ਪਾਣੀ ਸੜਕਾਂ ਤੇ ਇਸ ਕਦਰ ਫੈਲਿਆ ਹੋਇਆ ਸੀ ਕਿ ਵਾਹਨ ਦੇ ਲੰਘਣ ਨਾਲ ਉੱਠੀ ਲਹਿਰ ਵੀ ਭਾਰੀ ਮਾਤਰਾ ਵਿਚ ਪਾਣੀ ਨੂੰ ਦੁਕਾਨਾਂ ਦੇ ਅੰਦਰ ਭੇਜ ਰਹੀ ਸੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇਥੇ ਪੰਜ ਵਜੇ ਤੋਂ ਵਰ੍ਹਨ ਲੱਗਿਆ ਮੀਂਹ ਲਗਾਤਾਰ ਚਾਰ ਘੰਟੇ ਵਰ੍ਹਦਾ ਰਿਹਾ, ਜਿਸ ਨਾਲ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ। ਮੀਂਹ ਬੇਹੱਦ ਤੇਜ਼ ਸੀ ਜਿਸ ਕਰਕੇ ਇੱਕ ਕਦਮ ਪੁੱਟਣਾ ਵੀ ਦੁਸ਼ਵਾਰ ਸੀ। ਬਾਜ਼ਾਰਾਂ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਗਿਆ। ਕਈ ਘਰਾਂ ਦੀਆਂ ਛੱਤਾਂ ਢਹਿ ਗਈਆਂ।
ਬੋਹਾ (ਨਿਰੰਜਨ ਬੋਹਾ): ਅੱਜ ਹੋਈ ਜੋਰਦਾਰ ਬਾਰਸ਼ ਕਾਰਨ ਬੋਹਾ ਸ਼ਹਿਰ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੇ ਤੇ ਸ਼ਹਿਰ ਦੇ ਨਿਵਾਣ ਵਾਲੇ ਪਾਸੇ ਦੇ ਬਹੁਤ ਸਾਰੇ ਘਰਾਂ ਵਿਚ ਪਾਣੀ ਭਰ ਗਿਆ ਹੈ। ਮਾਡਲ ਟਾਊਨ ਵਜੋਂ ਜਾਣਿਆਂ ਜਾਂਦਾ ਵਾਰਡ ਨੰਬਰ 11 ਅੱਜ ਦੀ ਬਰਸਾਤ ਕਾਰਨ ਤੋਂ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਹੋਇਆ ਤੇ ਲੋਕ ਬਾਲਟੀਆਂ ਬੱਠਲਾਂ ਨਾਲ ਆਪਣੇ ਘਰਾਂ ਵਿਚੋ ਪਾਣੀ ਕੱਢਦੇ ਵੇਖੇ ਗਏ। ਬੋਹਾ ਦੇ ਪ੍ਰਵੇਸ਼ ਦੁਆਰ ਬਣੀ ਸ਼ਹੀਦ ਅਮਰੀਕ ਸਿੰਘ ਗੇਟ ਵਾਲੀ ਸੜਕ ਵੀ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈ ਤੇ ਨਗਰ ਪੰਚਾਇਤ ਦਫਤਰ ਵਾਲੀ ਸੜਕ ‘ਤੇ ਵੀ ਗੋਡੇ ਗੋਡੇ ਤੱਕ ਪਾਣੀ ਖੜ੍ਹ ਗਿਆ।
ਫਾਜ਼ਿਲਕਾ (ਪੱਤਰ ਪ੍ਰੇਰਕ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ’ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੁਆਈ ਹੈ ਉੱਥੇ ਸ਼ਹਿਰ ਦੇ ਕਈ ਮੁਹੱਲਿਆਂ ਦੀਆਂ ਗਲੀਆਂ, ਘਰਾਂ, ਬਾਜ਼ਾਰਾਂ, ਸਬਜ਼ੀ ਮੰਡੀ, ਅਨਾਜ ਮੰਡੀ ’ਚ ਪਾਣੀ ਭਰ ਜਾਣ ਕਾਰਨ ਆਉਣ ਜਾਣ ਵਾਲੇ ਵ੍ਹੀਕਲ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ, ਮੁਹੱਲਿਆਂ ਦੀਆਂ ਗਲੀਆਂ, ਨੀਵੇਂ ਘਰਾਂ, ਫਾਜ਼ਿਲਕਾ ਦੀ ਅਨਾਜ ਮੰਡੀ ’ਚ ਪਾਣੀ ਭਰ ਗਿਆ।
ਮਮਦੋਟ (ਜਸਵੰਤ ਸਿੰਘ ਥਿੰਦ): ਕੱਲ੍ਹ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬਣ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਸਬੰਧੀ ਬਲਾਕ ਮਮਦੋਟ ਦੇ ਵੱਖ ਵੱਖ ਪਿੰਡਾਂ ਹੁਸੈਨਸ਼ਾਹ ਵਾਲਾ, ਸਦਰਦੀਨ ਵਾਲਾ ਪੀਰ ਸ਼ੇਖ, ਕਾਲਾ ਟਿੱਬਾ ਮੁਰਕਵਾਲਾ, ਕੜਮਾ, ਬਸਤੀ ਪਠਾਣਾਂ, ਤਰਾਂ ਵਾਲੀ, ਲਖਮੀਰ ਕੇ, ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਾਰਸ਼ ਦੇ ਪਾਣੀ ਕਾਰਨ ਡੁੱਬ ਗਈ।
ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
ਬਠਿੰਡਾ (ਸ਼ਗਨ ਕਟਾਰੀਆ/ਮਨੋਜ ਸ਼ਰਮਾ): ਹਾੜ੍ਹ ਮਹੀਨੇ ਦੇ ਆਖ਼ਰੀ ਦਿਨ ਅੱਜ ਮਾਲਵੇ ਦੇ ਜ਼ਿਆਦਾਤਰ ਹਿੱਸੇ ’ਚ ਮੌਨਸੂਨ ਦਾ ਭਰਵੇਂ ਛਰਾਟੇ ਪਏ। ਮੌਸਮ ਵਿਭਾਗ ਦੀ ਮਿਣਤੀ ਮੁਤਾਬਿਕ ਇਹ ਵਰਖਾ 11.6 ਮਿਲੀਮੀਟਰ ਦੱਸੀ ਗਈ। ਮੀਂਹ ਪੈਣ ਨਾਲ ਬਹੁਤ ਦਿਨਾਂ ਤੋਂ ਹੁੰਮਸ ਦੀ ਭੱਠੀ ’ਚ ਭੁੱਜਦੇ ਲੋਕਾਂ ਨੂੰ ਇੱਕ ਵਾਰ ਰਾਹਤ ਮਿਲੀ ਹੈ। ਮੀਂਹ ਦੇ ਛੜਾਕਿਆਂ ਨੇ ਚੰਦ ਮਿੰਟਾਂ ’ਚ ਹੀ ਚੁਫੇਰੇ ਛਹਬਿਰਾਂ ਲਾ ਦਿੱਤੀਆਂ। ਭਰਵੀਂ ਵਰਖਾ ਨਾਲ ਜਿੱਥੇ ਨੀਵੇਂ ਖੇਤਰਾਂ ’ਚ ਪਾਣੀ ਭਰਨ ਕਾਰਣ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਖੇਤਾਂ ’ਚ ਲਹਿਲਹਾਉਂਦੀਆਂ ਫ਼ਸਲਾਂ ਨੂੰ ਮੀਂਹ ਦਾ ਪਾਣੀ ‘ਦੇਸੀ ਘਿਓ’ ਦੇ ਮੁਆਫ਼ਕ ਕੰਮ ਕਰੇਗਾ। ਕਿਸਾਨਾਂ ਨੇ ਚਾਰੇ ਅਤੇ ਸਬਜ਼ੀਆਂ ਲਈ ਵੀ ਮੀਂਹ ਨੂੰ ਲਾਹੇਵੰਦ ਦੱਸਿਆ। ਬਠਿੰਡਾ ਦੇ ਪੌਸ਼ ਖੇਤਰ ਜਿਨ੍ਹਾਂ ਵਿੱਚ ਪਾਵਰ ਹਾਊਸ ਰੋਡ ਆਈਜੀ ਐੱਸਐੱਸਪੀ, ਡਿਪਟੀ ਕਮਿਸ਼ਨਰ ਸਮੇਤ ਸਮੁੱਚਾ ਕੋਰਟ ਕੰਪਲੈਕਸ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਇਸ ਤਰ੍ਹਾਂ ਸ਼ਹਿਰ ਦਾ ਮਾਲ ਰੋਡ’ ਪਰਸਰਾਮ ਨਗਰ ਸਿਰਕੀ ਬਾਜ਼ਾਰ , ਸਲੱਮ ਖੇਤਰਾਂ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ।
ਵਿਧਾਇਕ ਗੋਲਡੀ ਮੁਸਾਫਿਰ ਵੱਲੋਂ ਮੀਂਹ ਪ੍ਰਭਾਵਿਤ ਇਲਾਕੇ ਦਾ ਦੌਰਾ
ਬਲੂਆਣਾ (ਅਬੋਹਰ) ( ਰਾਜਿੰਦਰ ਕੁਮਾਰ): ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਹਲਕੇ ਦੇ ਮੀਂਹ ਪ੍ਰਭਾਵਿਤ ਪਿੰਡਾਂ ਦੇ ਦੌਰੇ ’ਤੇ ਨਿਕਲੇ। ਇਸ ਮੌਕੇ ਉਨ੍ਹਾਂ ਨਾਲ ਅਬੋਹਰ ਦੇ ਐਸਡੀਐਮ ਅਕਾਸ਼ ਬਾਂਸਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ਤਾਂ ਜੋ ਲੋਕਾਂ ਦੀਆਂ ਮੁਸਕਿਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਸਕੇ। ਵਿਧਾਇਕ ਨੇ ਪਿੰਡ ਸ਼ੇਰੇਵਾਲਾ, ਪੱਟੀ ਸਦੀਕ, ਵਰਿਆਮਖੇੜਾ, ਝੁਰੜਖੇੜਾ, ਰੁਕਨਪੁਰਾ ਖੂਈਖੇੜਾ ਆਦਿ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤ ਕੀਤੀ ਕਿ ਮੀਂਹ ਕਾਰਨ ਲੋਕਾਂ ਦੀਆਂ ਫਸਲਾਂ ਜਾਂ ਘਰਾਂ ਦੇ ਹੋਏ ਨੁਕਸਾਨ ਦੀ ਸਹੀ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਸਿੰਚਾਈ ਵਿਭਾਗ ਨੂੰ ਵੀ ਕਿਹਾ ਕਿ ਨਹਿਰ ਵਿਚ ਪਏ ਪਾੜ ਨੂੰ ਜਲਦ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਮੁਸਕਿਲ ਸਮੇਂ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਮੀਂਹ ਪ੍ਰਭਾਵਿਤ ਲੋਕਾਂ ਦੀ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।