ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 2 ਮਾਰਚ
ਗਣਤੰਤਰ ਦਿਵਸ ਮੌਕੇ ਦਿੱਲੀ ਲਾਲ ਕਿਲ੍ਹੇ ’ਤੇ ਹਿੰਸਾ ਸਬੰਧੀ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਨੌਜਵਾਨਾਂ ਦੀ ਰਿਹਾਈ ਕਰਵਾਉਣ ਅਤੇ ਨਵੇਂ ਖੇਤੀ ਕਾਨੂੰਨ ਰੱਦ ਲਈ ਅਕਾਲੀ ਦਲ (ਅ) ਵੱਲੋਂ ਦਿੱਲੀ ਵਿੱਚ ਸੰਸਦ ਭਵਨ ਅੱਗੇ ਗ੍ਰਿਫ਼ਤਾਰੀਆਂ ਦੇਣ ਲਈ ਜਥੇ ਭੇਜਣ ਦੀ ਸ਼ੁਰੂ ਕੀਤੀ ਲੜੀ ਤਹਿਤ ਅੱਜ ਬੀਬੀਆਂ ਦਾ ਦੂਜਾ ਜਥਾ ਤਖ਼ਤ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਨੂੰ ਰਵਾਨਾ ਹੋਇਆ। ਪੰਜ ਮੈਂਬਰੀ ਜਥੇ ਵਿੱਚ ਬੀਬੀ ਸੁਖਜੀਤ ਕੌਰ ਬਰਨਾਲਾ ਪ੍ਰਧਾਨ ਇਸਤਰੀ ਵਿੰਗ, ਹਰਪਾਲ ਕੌਰ ਸੰਗਰੂਰ, ਭਿੰਦਰਜੀਤ ਕੌਰ ਕਾਹਨ ਸਿੰਘ ਵਾਲਾ, ਗੁਰਮੀਤ ਕੌਰ ਜ਼ੀਰਾ ਅਤੇ ਬੀਬੀ ਹਰਦੀਪ ਕੌਰ ਮੰਡੀ ਗੋਬਿੰਦਗੜ੍ਹ ਸ਼ਾਮਲ ਸਨ। ਇਨ੍ਹਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਿਰੋਪੇ ਭੇਟ ਕੀਤੇ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲਾਲ ਕਿਲ੍ਹੇ ਦੀ ਘਟਨਾ ਕੇਂਦਰ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ ਸੀ। ਜਥੇ ਨੂੰ ਰਵਾਨਾ ਕਰਨ ਮੌਕੇ ਮਾਸਟਰ ਕਰਨੈਲ ਸਿੰਘ, ਕੁਲਦੀਪ ਸਿੰਘ(ਦੋਵੇਂ ਜਰਨਲ ਸਕੱਤਰ), ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਹਲਕਾ ਸੇਵਾਦਾਰ ਯਾਦਵਿੰਦਰ ਸਿੰਘ ਭਾਗੀਵਾਂਦਰ, ਸੁਖਦੇਵ ਸਿੰਘ ਕਿੰਗਰਾ, ਮਨਜੀਤ ਸਿੰਘ, ਪੱਪੀ ਮਲਕਾਣਾ ਸ਼ਾਮਲ ਸਨ।