ਪਵਨ ਗੋਇਲ
ਭੁੱਚੋ ਮੰਡੀ, 4 ਜੂਨ
ਇੱਥੇ ਸਥਿਤ ਓਲਡ ਵੇਅਰ ਹਾਊਸ ਦੇ ਗੁਦਾਮ ਵਿੱਚ ਅੱਜ ਸ਼ਾਮ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਬਾਰਦਾਨਾ ਅਤੇ ਚੌਲਾਂ ਨਾਲ ਭਰੀਆਂ ਬੋਰੀਆਂ ਸੜ ਗਈਆਂ। ਅੱਗ ’ਤੇ ਕਾਬੂ ਪਾ ਲਏ ਜਾਣ ਸਦਕਾ ਅਨਾਜ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਦੌਰਾਨ ਪੁਲੀਸ ਨੂੰ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਅਰ ਹਾਊਸ ਗੋਦਾਮ ਦੇ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਲਗਭਗ ਦਸ ਮਜ਼ਦੂਰ ਚੌਲਾਂ ਦੀਆਂ ਬੋਰੀਆਂ ਵਿੱਚ ਸਲਫਾਸ ਪਾ ਰਹੇ ਸਨ। ਉਨ੍ਹਾਂ ਜਦੋਂ ਸਲਫਾਸ ਵਾਲੀ ਸ਼ੀਸ਼ੀ ਖੋਲ੍ਹੀ ਤਾਂ ਉਹ ਗਰਮ ਹੋਣ ਕਾਰਨ ਫਟ ਗਈ। ਇਸ ਕਾਰਨ ਉਸ ਵਿੱਚੋਂ ਨਿਕਲੀ ਅੱਗ ਦੀ ਲਾਟ ਚੌਲਾਂ ਦੀਆਂ ਬੋਰੀਆਂ ’ਤੇ ਪੈ ਗਈ ਤੇ ਗੋਦਾਮ ਵਿੱਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਉੱਪਰ ਜਲਦੀ ਹੀ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਅਨਾਜ ਦਾ ਕੋਈ ਨੁਕਸਾਨ ਨਹੀਂ ਹੋਇਆ। ਗਗਨਦੀਪ ਸਿੰਘ ਨੇ ਕਿਹਾ ਕਿ ਅੱਗ ਲੱਗਣ ਸਮੇਂ ਮਜ਼ਦੂਰ ਅੰਦਰ ਹੀ ਸਨ, ਅੱਗ ’ਤੇ ਕਾਬੂ ਪਾ ਲਏ ਜਾਣ ਸਦਕਾ ਬਚਾ ਹੋ ਗਿਆ।
ਜ਼ਿਕਰਯੋਗ ਹੈ ਕਿ ਵਿਧਾਇਕ ਜਗਸੀਰ ਸਿੰਘ ਵੱਲੋਂ ਭੁੱਚੋ ਮੰਡੀ ਵਿੱਚ 30 ਅਪਰੈਲ ਨੂੰ ਨਵੇਂ ਸਥਾਪਿਤ ਕੀਤੇ ਫਾਇਰ ਸਟੇਸ਼ਨ ਦੀਆਂ ਦੋਵੇਂ ਨਵੀਂਆਂ ਗੱਡੀਆਂ ਅੱਜ ਲੋੜ ਪੈਣ ’ਤੇ ਚਿੱਟਾ ਹਾਥੀ ਸਾਬਤ ਹੋਈਆਂ। ਅੱਜ ਦੀ ਘਟਨਾ ਮੌਕੇ ਪੁਲੀਸ ਨੂੰ ਬਠਿੰਡਾ ਤੋਂ ਅੱਗ ਬੁਝਾਊ ਗੱਡੀ ਮੰਗਵਾਉਣੀ ਪਈ। ਇਨ੍ਹਾਂ ਗੱਡੀਆਂ ਨੂੰ ਭੁੱਚੋ ਆਇਆ 35 ਦਿਨ ਹੋ ਗਏ ਹਨ ਪਰ ਇਨ੍ਹਾਂ ਨੂੰ ਅਜੇ ਚਲਾਇਆ ਨਹੀਂ ਜਾ ਸਕਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਵਿਧਾਇਕ ਸਣੇ ‘ਆਪ’ ਸਰਕਾਰ ਅਤੇ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕੀਤੇ ਕਿ ਕੀ ਕਿਸੇ ਵੱਡੀ ਘਟਨਾ ਮਗਰੋਂ ਇਨ੍ਹਾਂ ਗੱਡੀਆਂ ਨੂੰ ਚਲਦਾ ਕੀਤਾ ਜਾਵੇਗਾ।
ਇਸ ਸਬੰਧੀ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਜੋਨੀ ਬਾਂਸਲ ਨੇ ਕਿਹਾ ਕਿ ਵਿਧਾਇਕ ਨੇ ਫਾਇਰ ਬ੍ਰਿਗੇਡ ਦਾ ਚਾਰਜ ਹਾਲੇ ਤਕ ਈਓ ਅਤੇ ਏਈ ਨੂੰ ਸੌਂਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਚਾਰਜ ਹਾਲੇ ਤਕ ਕੌਂਸਲ ਪ੍ਰਧਾਨ ਨੂੰ ਨਹੀਂ ਸੌਂਪਿਆ ਗਿਆ।
ਇਸ ਸਬੰਧੀ ਜਦੋਂ ਵਿਧਾਇਕ ਜਗਸੀਰ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਪੀਏ ਰਕੇਸ਼ ਸਿੰਗਲਾ ਨੇ ਫੋਨ ਚੁੱਕਿਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਪ੍ਰਬੰਧ ਲਈ ਈਓ ਦੀਪਕ ਸੇਤੀਆ ਨੇ ਪੱਤਰ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੱਡੀਆਂ ਦੇ ਚਾਲੂ ਨਾ ਹੋਣ ਬਾਰੇ ਤੁਰੰਤ ਜਾਣਕਾਰੀ ਲਈ ਜਾਵੇਗੀ।
ਇਸ ਸਬੰਧੀ ਜਦੋਂ ਈਓ ਦਾ ਪੱਖ ਜਾਣਨ ਲਈ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।