ਇਕਬਾਲ ਸਿੰਘ ਸ਼ਾਂਤ
ਲੰਬੀ, 15 ਫਰਵਰੀ
ਪਿੰਡ ਲੁਹਾਰਾ ਵਿੱਚ ਗੁਰਦੁਆਰੇ ’ਚ ਜੋਤ ਦੀ ਲੋਅ ਨਾਲ ਅੱਗ ਲੱਗ ਗਈ ਜਿਸ ਨਾਲ ਦਰਬਾਰ ਹਾਲ ’ਚ ਗੱਦੇ ਸੜ ਗਏ। ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਪੂਰੀ ਤਰ੍ਹਾਂ ਸੁਰੱਖਿਅਤ ਰਹੀਆਂ। ਅੱਗ ਬੁਝਾਉਂਦੇ ਸਮੇਂ ਗ੍ਰੰਥੀ ਪੂਰਨ ਸਿੰਘ ਦੇ ਪੈਰ ਜ਼ਖ਼ਮੀ ਹੋ ਗਏ। ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਦਰਜ ਹੋ ਗਈ ਹੈ। ਸੂਚਨਾ ਮਿਲਣ ’ਤੇ ਪਿੰਡ ਵਾਸੀ ਅਤੇ ਪੁਲੀਸ ਮੌਕੇ ’ਤੇ ਪੁੱਜ ਗਈ। ਗ੍ਰੰਥੀ ਪੂਰਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਚਾਰ ਵਜੇ ਜਦੋਂ ਉਹ ਨਿੱਤਨੇਮ ਲਈ ਤਿਆਰ ਹੋਣ ਲੱਗੇ ਤਾਂ ਦਰਬਾਰ ਹਾਲ ਵਿੱਚੋਂ ਧੂੰਆਂ ਵਿਖਾਈ ਦਿੱਤੀ। ਅੰਦਰ ਜਾ ਕੇ ਵੇਖਿਆ ਤਾਂ ਅੱਗ ਲੱਗੀ ਹੋਈ ਸੀ ਅਤੇ ਗੱਦੇ ਧੁੱਖ ਰਹੇ ਸਨ। ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਪੈਰ ਨੂੰ ਗਹਿਰਾ ਸੇਕ ਲੱਗ ਗਿਆ। ਉਨਾਂ ਨੇ ਫੋਨ ਕਰਕੇ ਪਿੰਡ ਵਾਸੀਆਂ ਨੂੰ ਘਟਨਾ ਬਾਰੇ ਸੂਚਨਾ ਦਿੱਤੀ।
ਥਾਣਾ ਮੁਖੀ ਅਮਨਦੀਪ ਸਿੰਘ ਅਤੇ ਚੌਕੀ ਮੁਖੀ ਭਗਵਾਨ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਪਹਿਲੀ ਮੰਜ਼ਿਲ ’ਤੇ ਸੁਰੱਖਿਅਤ ਹਨ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਅੱਗ ਜੋਤ ਦੀ ਲੌਅ ਕਾਰਨ ਲੱਗੀ ਸੀ। ਉਨ੍ਹਾਂ ਕਿਹਾ ਕਿ ਵੱਡੇ ਹਾਲ ’ਚ ਅੱਗ ਫੈਲਣ ਦੇ ਬਾਵਜੂਦ ਧਾਰਮਿਕ ਗ੍ਰੰਥਾਂ ਦਾ ਬਚਾਅ ਹੋ ਗਿਆ ਜੋ ਰਾਹਤ ਵਾਲੀ ਗੱਲ ਹੈ।