ਭਗਵਾਨ ਦਾਸ ਗਰਗ
ਨਥਾਣਾ, 15 ਸਤੰਬਰ
ਪਿੰਡ ਕਲਿਆਣ ਸੁੱਖਾ ਵਿੱਚ ਅੱਜ ਸਵੇਰੇ ਕੱਪੜੇ ਦੀ ਦੁਕਾਨ ’ਚ ਅੱਗ ਲੱਗ ਜਾਣ ਕਾਰਨ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ। ਬਠਿੰਡਾ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਅਤੇ ਇਕੱਠੇ ਹੋਏ ਲੋਕਾਂ ਨੇ ਕਾਫੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਬਿਜਲੀ ਸਪਲਾਈ ਦਾ ਸਰਕਟ ਸ਼ਾਰਟ ਹੋਣਾ ਦੱਸਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲਿਆਣ ਸੁੱਖਾ ਦੇ ਬੱਸ ਅੱਡੇ ਨੇੜੇ ਨਥਾਣਾ ਭਗਤਾ ਮੁੱਖ ਸੜਕ ਕਿਨਾਰੇ ਲੋਕਾਂ ਨੇ ਕੱਪੜੇ ਦੀ ਇੱਕ ਦੁਕਾਨ (ਪ੍ਰਿੰਸ ਦੀ ਹੱਟੀ) ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਫੋਨ ਰਾਹੀਂ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ। ਦੇਖਦਿਆ ਹੀ ਦੇਖਦਿਆਂ ਦੁਕਾਨ ’ਚੋਂ ਅੱਗ ਦੀਆਂ ਵੱਡੀਆਂ ਵੱਡੀਆਂ ਲਾਟਾਂ ਨਿਕਲਣ ਲੱਗੀਆਂ। ਇਸੇ ਦੌਰਾਨ ਗੁਰਦੁਆਰੇ ਦੇ ਸਪੀਕਰ ਰਾਹੀਂ ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਫਾਇਰ ਬ੍ਰਿਗੇਡ ਦੀਆਂ ਪੁੱਜੀਆਂ ਤਿੰਨ ਗੱਡੀਆਂ ਦੀ ਮੱਦਦ ਨਾਲ ਕਾਫੀ ਜੱਦੋ ਜਹਿਦ ਕਰਕੇ ਅੱਗ ’ਤੇ ਕਾਬੂ ਪਾਇਆ। ਇਸ ਭਿਆਨਕ ਅੱਗ ਨਾਲ ਦੁਕਾਨ ਦਾ ਸਾਰਾ ਕੱਪੜਾ ਅਤੇ ਫਰਨੀਚਰ ਰਾਖ ਦੀ ਢੇਰੀ ਬਣ ਗਿਆ। ਦੁਕਾਨ ਮਾਲਕ ਪਰਮਜੀਤ ਸਿੰਘ ਅਤੇ ਦਲਵੀਰ ਸਿੰਘ (ਪ੍ਰਿ੍ਰੰਸ) ਨੇ ਦੱਸਿਆ ਕਿ ਇਸ ਅੱਗ ਨਾਲ ਉਨ੍ਹਾਂ ਦਾ 70 ਤੋ 80 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗ ਲੱਗਣ ਦਾ ਕਾਰਨ ਸਰਕਟ ਸ਼ਾਰਟ ਹੋਣਾ ਦੱਸਿਆ।