ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 21 ਜਨਵਰੀ
ਫ਼ਰੀਦਕੋਟ ਸ਼ਹਿਰ ਵਿੱਚ ਕਰੀਬ 130 ਕਰੋੜ ਰੁਪਏ ਦੀ ਲਾਗਤ ਨਾਲ ਪੈ ਰਹੇ ਸੀਵਰੇਜ ਪ੍ਰਾਜੈਕਟ ਲਟਕਾਉਣ ਦੇ ਵਿਵਾਦਾਂ ਵਿੱਚ ਘਿਰੇ ਪਲੌਂਜੀ ਗਰੁੱਪ ਨੂੰ ਪੰਜਾਬ ਸਰਕਾਰ ਨੇ 15 ਕਰੋੜ ਰੁਪਏ ਦਾ ਜੁਰਮਾਨਾ ਭਰਨ ਦੇ ਆਦੇਸ਼ ਦਿੱਤੇ ਹਨ ਅਤੇ ਨਾਲ ਹੀ ਫ਼ਰੀਦਕੋਟ ਦਾ ਸੀਵਰੇਜ ਪ੍ਰਾਜੈਕਟਰ ਪਲੌਂਜੀ ਗਰੁੱਪ ਤੋਂ ਲੈ ਕੇ ਹੋਰ ਕੰਪਨੀਆਂ ਨੂੰ ਅਲਾਟ ਕਰ ਦਿੱਤਾ ਹੈ। ਨਵੀਂਆਂ ਕੰਪਨੀਆਂ ਨੇ ਸੀਵਰੇਜ ਪ੍ਰਾਜੈਕਟ ਨੂੰ ਜੂਨ ਦੇ ਅੱਧ ਤੱਕ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਸੀਵਰੇਜ ਸਿਸਟਮ ਤੋਂ ਇਲਾਵਾ ਫ਼ਰੀਦਕੋਟ ਸ਼ਹਿਰ ਵਿੱਚ 13 ਜਿੰਮ ਅਤੇ ਪਾਰਕ ਬਣਾਉਣ ਦਾ ਪ੍ਰਾਜੈਕਟ ਉੱਪਰ 110 ਕਰੋੜ ਰੁਪਏ ਖਰਚ ਕਰਕੇ 30 ਮਾਰਚ ਤੋਂ ਪਹਿਲਾਂ ਪਹਿਲਾਂ ਮੁਕੰਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਾਜੈਕਟ ਦਾ ਕੰਮ 70 ਫ਼ੀਸਦੀ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਕੰਪਨੀਆਂ ਨੇ 30 ਜੂਨ ਤੱਕ ਹਰ ਹਾਲਤ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਤਾਹੀ ਕਰਨ ਵਾਲੀ ਕੰਪਨੀ ਨੂੰ ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਇਹ ਰਾਸ਼ੀ ਵਸੂਲਣ ਲਈ ਕੰਪਨੀ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।