ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਅਗਸਤ
ਉੱਘੇ ਸਮਾਜਸੇਵੀ ਤੇ ਇਸਕਾਨ ਸਮਿਤੀ ਚੇਅਰਮੈਨ ਦੇਵ ਪ੍ਰੀਆ ਤਿਆਗੀ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੇ ਘਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ 5 ਅਗਸਤ ਦੀ ਮੋਗਾ ਫੇਰੀ ਦੌਰਾਨ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਦੇ ਦਾਅਵੇ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈੈ।
ਵਿਧਾਇਕ ਹਰਜੋਤ ਕਮਲ ਨੇ ਦਾਅਵਾ ਕੀਤਾ ਸੀ ਕਿ ਨਵਜੋਤ ਸਿੱਧੂ ਦੀ ਹਾਜ਼ਰੀ ਵਿੱਚ ਭਾਜਪਾ ਆਗੂ ਦੇਵਪ੍ਰਿਆ ਤਿਆਗੀ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਇਸ ਤੋਂ ਕਰੀਬ 12 ਦਿਨ ਬਾਅਦ ਹੀ ਦੇਵਪ੍ਰਿਆ ਤਿਆਗੀ ਨੇ ਕਿਹਾ ਹੈ ਕਿ ਉਹ ਕ੍ਰਾਂਤੀਕਾਰੀ ਵੀਰ ਸਾਵਰਕਰ ਦੇ ਆਦਰਸ਼ਾਂ ’ਤੇ ਚੱਲਦੇ ਹੋਏ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਰਾਜਗੁਰੂ ਸੁਖਦੇਵ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਵਿਚਾਰਾਂ ਨੂੰ ਮੰਨਣ ਵਾਲੇ ਹਨ ਤੇ ਇਹ ਸੁਭਾਵਿਕ ਹੈ ਕਿ ਉਸ ਦੇ ਵਿਚਾਰ ਕਾਂਗਰਸ ਪਾਰਟੀ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿਚ ਕੱਢੀ ਗਈ ਭਗਵਾਨ ਜਗਨਨਾਥ ਰਥ ਯਾਤਰਾ ਲਈ ਵਿਧਾਇਕ ਡਾ. ਹਰਜੋਤ ਕਮਲ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਸੀ ਤੇ ਸੰਜੋਗਵੱਸ ਉੱਥੇ ਨਵਜੋਤ ਸਿੰਘ ਸਿੱਧੂ ਵੀ ਆਏ ਹੋਏ ਸਨ ਤੇ ਉਨ੍ਹਾਂ ਸਿਰੋਪਾ ਉਨ੍ਹਾਂ ਦੇ ਗਲ ਵਿਚ ਪਾ ਦਿੱਤਾ, ਜਿਸ ਦੇ ਗਲਤ ਅਰਥ ਕੱਢ ਲਏ ਗਏ। ਇਸਕਾਨ ਪ੍ਰਚਾਰ ਸਮਿਤੀ ਦੇ ਚੇਅਰਮੈਨ ਦੇਵਪ੍ਰਿਆ ਤਿਆਗੀ ਸ਼ਹਿਰ ਵਿਚ ਵੱਖ ਵੱਖ ਧਾਰਮਿਕ ਜਥੇਬੰਦੀਆਂ ਖਾਸਕਰ ਬ੍ਰਾਹਮਣ ਸਭਾ ਅਤੇ ਰਾਈਸ ਬਰਾਨ ਸੰਸਥਾ ਦੇ ਪੈਟਰਨ ਵੀ ਹਨ।