ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 24 ਦਸੰਬਰ
ਪੂਰੇ ਪੰਜਾਬ ਵਿੱਚ ਦਿੱਲੀ ਤੋਂ ਕਿਸਾਨੀ ਸੰਘਰਸ਼ ਜਿੱਤ ਕੇ ਆਏ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪਿੰਡ ਚੁੱਘੇ ਕਲਾਂ ਵਾਸੀਆਂ ਵੱਲੋਂ ਯਾਦਵਿੰਦਰ ਸਿੰਘ ਨੰਬਰਦਾਰ, ਜੋ ਕਿ ਲਗਾਤਾਰ ਇੱਕ ਸਾਲ ਸੋਲਾਂ ਦਿਨ ਬਿਨਾਂ ਘਰ ਆਏ ਦਿੱਲੀ ਧਰਨੇ ਵਿੱਚ ਹਾਜ਼ਰੀ ਭਰ ਕੇ ਆਏ ਹਨ, ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਗੁਰਸੇਵਕ ਸਿੰਘ ਚੁੱਘੇ ਕਲਾਂ ਨੇ ਦੱਸਿਆ ਕਿ ਯਾਦਵਿੰਦਰ ਸਿੰਘ 26 ਨਵੰਬਰ ਨੂੰ ਪਿੰਡ ਤੋਂ ਮੋਰਚਾ ਜਿੱਤਣ ਤੱਕ ਘਰ ਵਾਪਿਸ ਨਾ ਆਉਣ ਦੀ ਕਸਮ ਖਾ ਕੇ ਦਿੱਲੀ ਗਿਆ ਸੀ। ਯਾਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਦਿੱਲੀ ਜਾ ਕੇ ਹੀ ਮਿਲ ਕੇ ਆਉਂਦੇ ਰਹੇ ਹਨ। ਇੱਥੋਂ ਤੱਕ ਕਿ ਦੀਵਾਲੀ ਮੌਕੇ ਕੱਪੜੇ ਅਤੇ ਮਠਿਆਈਆਂ ਉੱਥੇ ਹੀ ਦੇ ਕੇ ਆਏ ਸਨ। ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਵੱਲੋਂ ਯਾਦਵਿੰਦਰ ਸਿੰਘ ਨੰਬਰਦਾਰ ਨੂੰ, ਉਸਦੀ ਕਿਸਾਨੀ ਸੰਘਰਸ਼ ਨੂੰ ਵੱਡੀ ਦੇਣ ਤੋਂ ਖੁਸ਼ ਹੋ ਕੇ ਮਾਰੂਤੀ ਸੁਜ਼ੂਕੀ ਰਿਟਜ਼ ਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਬਰਾੜ, ਮਹੰਤ ਕੁੰਭ ਦਾਸ ਮੁਖੀ ਡੇਰਾ ਲੰਗ ਵਾਲਾ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।
ਕਿਸਾਨੀ ਸੰਘਰਸ਼ ਦਾ ਹਿੱਸਾ ਰਹੇ ਅਧਿਆਪਕਾਂ ਦਾ ਸਨਮਾਨ
ਸ਼ਹਿਣਾ (ਪ੍ਰਮੋਦ ਸਿੰਗਲਾ): ਕਿਸਾਨ ਅੰਦੋਲਨ ’ਚ ਆਪਣਾ ਯੋਗਦਾਨ ਪਾਉਣ ਵਾਲੇ ਸੰਯੁਕਤ ਕਿਸਾਨ ਮੋਰਚਾ ਪਿੰਡ ਸੁਖਪੁਰਾ ਦੇ ਆਗੂਆਂ ਹਰਚਰਨ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ ਬਬਲੀ, ਹਰਪਾਲ ਸਿੰਘ ਪਾਲੀ, ਅੰਗਰੇਜ਼ ਸਿੰਘ, ਮਨਜੀਤਪਾਲ ਬਿਊਟੀ ਅਤੇ ਪ੍ਰਿੰਸੀਪਲ ਰਾਜਵੰਤ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਹ ਅਧਿਆਪਕ ਕਿਸਾਨੀ ਸੰਘਰਸ਼ ਸਮੇਂ ਦਿੱਲੀ ਦੇ ਬਾਰਡਰਾਂ ’ਤੇ ਜਾ ਕੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਸਨ।