ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਜੁਲਾਈ
ਪਿੰਡ ਚੀਮਾ ਦੇ ਕਿਸਾਨ ਨੇ ਕਰਜ਼ੇ ਅਤੇ ਬਿਮਾਰੀ ਕਾਰਨ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਹੈ। ਬੀਕੇਯੂ ਕਾਦੀਆਂ ਦੇ ਆਗੂ ਜਗਤਾਰ ਸਿੰਘ ਥਿੰਦ ਨੇ ਦੱਸਿਆ ਕਿ ਕਰਨੈਲ ਸਿੰਘ ਥਿੰਦ (42) ਤਿੰਨ ਏਕੜ ਜ਼ਮੀਨ ‘ਤੇ ਖੇਤੀ ਕਰਦਾ ਸੀ। ਖੇਤੀ ‘ਚ ਘਾਟਾ ਪੈਣ ਕਾਰਨ ਉਸ ਦੇ ਸਿਰ 11 ਲੱਖ ਦੇ ਕਰੀਬ ਕਰਜ਼ਾ ਸੀ। ਪਿਛਲੇ ਕੁੱਝ ਸਮੇਂ ਤੋਂ ਉਹ ਸ਼ੂਗਰ ਅਤੇ ਪੀਲੀਏ ਤੋਂ ਵੀ ਪੀੜਤ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਆਪਣੇ ਘਰ ਅੰਦਰ ਹੀ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪੁਲੀਸ ਵਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਕੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਅੱਜ ਉਸ ਦੇ ਸਸਕਾਰ ਮੌਕੇ ਭਾਕਿਯੂ ਕਾਦੀਆਂ ਦੇ ਆਗੂਆਂ ਸੰਪੂਰਨ ਸਿੰਘ ਚੂੰਘਾਂ, ਜਸਵੀਰ ਸਿੰਘ ਸੁਖਪੁਰਾ, ਊਧਮ ਸਿੰਘ ਜੋਧਪੁਰ, ਜਗਰਾਜ ਭੱਟ, ਭਿੰਦਾ ਟੱਲੇਵਾਲ, ਗੁਰਪ੍ਰੀਤ ਸਿੰਘ ਗੁਰੀ ਅਤੇ ਬਲਵਿੰਦਰ ਸਿੰਘ ਥਿੰਦ ਵਲੋਂ ਜਿੱਥੇ ਜੱਥੇਬੰਦੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਉਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।