ਪੱਤਰ ਪ੍ਰੇਰਕ
ਭਗਤਾ ਭਾਈ, 5 ਸਤੰਬਰ
ਕੋਵਿਡ-19 ਮੈਡੀਕਲ ਤੇ ਪੈਰਾਮੈਡੀਕਲ ਵਾਲੰਟੀਅਰ ਯੂਨੀਅਨ ਪੰਜਾਬ ਜ਼ਿਲ੍ਹਾ ਬਠਿੰਡਾ ਦਾ ਇਕ ਵਫਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਿਆ। ਵਾਲੰਟੀਅਰਾਂ ਨੇ ਮਾਲ ਮੰਤਰੀ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਵਫ਼ਦ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਮਿਸ਼ਨ ਫਤਹਿ ਵਿਚ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਦਾ ਅੱਗੇ ਹੋ ਕੇ ਸਾਥ ਦਿੱਤਾ। ਪਰ ਬਾਅਦ ਵਿੱਚ ਕਰੋਨਾ ਕੇਸ ਘਟਣ ‘ਤੇ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਫ਼ਾਰਗ਼ ਕੀਤੇ ਗਏ ਕਰੋਨਾ ਵਾਲੰਟੀਅਰਾਂ ਦੀ ਕੁਲ ਗਿਣਤੀ 1200 ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਕਾਰਨ ਇਸ ਵਕਤ ਇਹ ਕਰੋਨਾ ਵਲੰਟੀਅਰ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ। ਵਫ਼ਦ ਨੇ ਮੰਗ ਕੀਤੀ ਕਿ ਫ਼ਾਰਗ਼ ਕੀਤੇ ਗਏ ਕਰੋਨਾ ਵਲੰਟੀਅਰ ਬਿਨਾਂ ਕਿਸੇ ਦੇਰੀ ਦੇ ਬਹਾਲ ਕੀਤੇ ਜਾਣ। ਸ੍ਰੀ ਕਾਂਗੜ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ।