ਪੱਤਰ ਪ੍ਰੇਰਕ
ਲੰਬੀ, 1 ਸਤੰਬਰ
ਲਾਲਬਾਈ ਉੱਤਰੀ ’ਚ ਪੰਚਾਇਤੀ ਕੋਰਮ ਦੇ ਵਿਵਾਦ ’ਚ ਪੰਜ ਬਾਗੀ ਪੰਚਾਂ ਵੱਲੋਂ ਭਾਕਿਯੂ ਸਿੱਧੂਪੁਰ ਦੀ ਇਮਦਾਦ ਨਾਲ ਬੀ.ਡੀ.ਪੀ.ਓ ਦਫ਼ਤਰ ਲੰਬੀ ’ਚ ਲਾਏ ਧਰਨੇ ਮੌਕੇ ਸਰਪੰਚ ਐਸੋਸੀਏਸ਼ਨ ਲੰਬੀ ਦੇ ਸਰਪੰਚ ਅਹੁਦੇਦਾਰ-ਮੈਂਬਰਾਂ ਤੇ ਸਿੱਧੂਪੁਰ ਦੇ ਆਗੂਆਂ ਵਿਚਾਲੇ ਹੰਗਾਮਾ ਹੋ ਗਿਆ। ਜਿਸਨੂੰ ਰੋਕਣ ਲਈ ਪੁਲੀਸ ਸੱਦਣੀ ਪਈ। ਲਾਲਬਾਈ ਉੱਤਰੀ ’ਚ 9 ਵਿੱਚੋਂ ਪੰਜ ਮੈਂਬਰ ਸਰਪੰਚ ਮੇਵਾ ਸਿੰਘ ਦੇ ਨਾਲ ਸਹਿਮਤ ਨਹੀਂ ਹਨ। ਧਰਨੇ ’ਤੇ ਬੈਠੇ ਬਾਗੀ ਪੰਚਾਂ ਇਕਬਾਲ ਸਿੰਘ, ਜਸਕਰਨ ਸਿੰਘ, ਪਾਲ ਸਿੰਘ, ਰਾਜੂ ਸਿੰਘ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਗਰਾਮ ਪੰਚਾਇਤ ਦੀ ਮੀਟਿੰਗ ’ਚ ਉਨ੍ਹਾਂ ’ਤੇ ਕਥਿਤ ਖਾਲੀ ਕਾਰਵਾਈ ’ਤੇ ਦਸਤਖ਼ਤਾਂ ਲਈ ਦਬਾਅ ਪਾਇਆ ਜਾਂਦਾ ਸੀ। ਬਾਗੀ ਪੰਚਾਂ ਨੇ ਕਿਹਾ ਕਿ ਬੀ.ਡੀ.ਪੀ.ਓ ਲੰਬੀ ਨੇ ਉਨ੍ਹਾਂ ਵੱਲੋਂ ਦਿੱਤਾ ਬਿਆਨ ਹਲਫ਼ੀਆ ਦੱਬ ਲਿਆ। ਜਦੋਂਕਿ ਸਰਪੰਚ ਦੀ ਹਮਾਇਤ ’ਚ ਉਨ੍ਹਾਂ ਨੂੰ ਸਸਪੈਂਡ ਕਰਨ ਲਈ ਡੀ.ਡੀ.ਪੀ.ਓ ਨੂੰ ਪੱਤਰ ਲਿਖ ਦਿੱਤਾ। ਭਾਕਿਯੂ ਸਿੱਧੂਪੁਰ ਦੇ ਆਗੂ ਹਰਭਗਵਾਨ ਲੰਬੀ ਨੇ ਕਿਹਾ ਕਿ ਬਾਗੀ ਪੰਚਾਂ ਨੇ ਬੀਡੀਪੀਓ ਦਫ਼ਤਰ ਲੰਬੀ ਦੀ ਧੱਕੇਸ਼ਾਹੀ ਖਿਲਾਫ਼ ਅੱਜ ਬਲਾਕ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠਾਂ ਧਰਨੇ ’ਤੇ ਬੈਠੇ ਸਨ। ਧਰਨੇ ’ਚ ਲਾਲਬਾਈ ਉੱਤਰੀ ਦੇ ਸਰਪੰਚ ਮੇਵਾ ਸਿੰਘ, ਸਰਪੰਚ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਰਿੰਦਰ ਮਿਠੜੀ ਸਣੇ ਅਹੁਦੇਦਾਰ ਤੇ ਕਈ ਸਰਪੰਚ ਉਥੇ ਪੁੱਜੇ। ਦੂਜੇ ਪਾਸੇ ਮਿਠੜੀ ਦੇ ਸਰਪੰਚ ਵਰਿੰਦਰ ਮਿਠੜੀ ਨੇ ਕਿਹਾ ਕਿ ਉਹ ਖੁਦ ਭਾਕਿਯੂ ਸਿੱਧੂਪੁਰ ਦਾ ਮੈਂਬਰ ਹੋਣ ਨਾਤੇ ਹਰਭਗਵਾਨ ਸਿੰਘ ਨੂੰ ਕਿਸਾਨ ਯੂਨੀਅਨ ਨੂੰ ਪੰਚਾਇਤਾਂ ਦੇ ਮਸਲਿਆਂ ਤੋਂ ਦੂਰ ਰੱਖਣ ਲਈ ਕਹਿਣ ’ਤੇ ਦੋਵੇਂ ਧਿਰਾਂ ’ਚ ਮਾਮਲਾ ਨਿਪਟਾਉਣ ਲਈ ਗਿਆ ਸੀ, ਪਰ ਉਸ ’ਤੇ ਧਮਕੀਆਂ ਦੇਣ ਦੇ ਝੂਠੇ ਦੋਸ਼ ਲਾ ਦਿੱਤੇ। ਸਰਪੰਚ ਮੇਵਾ ਸਿੰਘ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਅੱਠ ਪੰਚ ਉਸ ਨਾਲ ਸਹਿਮਤ ਸਨ। ਬਾਅਦ ’ਚ ਪੰਜ ਪੰਚ ਪ੍ਰਬੰਧਕ ਦੀ ਮੰਗ ਕਰਨ ਲੱਗੇ। ਪੰਚਾਂ ਨੇ ਆਮ ਅਜਲਾਸ ’ਚ ਵਾਟਰ ਸਪਲਾਈ ਲਈ ਪਾਈਪ ਦੇ ਮਤੇ ’ਤੇ ਦਸਤਖ਼ਤਾਂ ਤੋਂ ਨਾਂਹ ਕਰ ਦਿੱਤੀ ਸੀ। ਡੀ.ਡੀ.ਪੀ.ਓ ਸੁਰਿੰਦਰ ਸਿੰਘ ਨੇ ਲਾਲਬਾਈ ਉੱਤਰੀ ਪੰਚਾਇਤ ਮਾਮਲੇ ’ਚ ਸਰਕਾਰੀ ਰਿਕਾਰਡ ਮੁਤਾਬਕ ਕਾਰਵਾਈ ਦੀ ਗੱਲ ਆਖੀ।