ਲਖਵੀਰ ਸਿੰਘ ਚੀਮਾ
ਟੱਲੇਵਾਲ, 12 ਅਗਸਤ
ਬਰਨਾਲਾ ਜ਼ਿਲ੍ਹੇ ਵਿੱਚੋਂ ਸੈਕੰਡਰੀ ਸਕੂਲਾਂ ਵਿੱਚੋਂ ਸਭ ਤੋਂ ਬਿਹਤਰ ਚੁਣੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦੀ ਪ੍ਰਬੰਧਕੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਨੂੰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ 10 ਲੱਖ ਦਾ ਚੈਕ ਸੌਂਪਿਆ ਗਿਆ ਹੈ। ਇਸ ਮੌਕੇ ਵਿਧਾਇਕ ਪੰਡੋਰੀ ਨੇ ਇਸ ਪ੍ਰਾਪਤੀ ਲਈ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਵ ਸਿੱਖਿਆ ਅਤੇ ਸਿਹਤ ਵਿੱਚ ਵੱਡਾ ਸੁਧਾਰ ਕਰਨਾ ਹੈ। ਜਿਸ ਲਈ ਸਰਕਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਵਿੱਚ ਜਿੱਥੇ ਸਟਾਫ ਦੀ ਕਮੀ ਪੂਰੀ ਕੀਤੀ ਜਾਵੇਗੀ, ਉਥੇ ਸਕੂਲਾਂ ਵਿੱਚ ਬਿਹਤਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਕੂਲ ਸਿਰਫ ਨਾਂ ਦੇ ਹੀ ਨਹੀਂ, ਬਲਕਿ ਅਸਲੀਅਤ ਵਿੱਚ ਸਮਾਰਟ ਸਕੂਲ ਬਣਾਏ ਜਾਣਗੇ।
ਇਸ ਮੌਕੇ ਸਕੂਲ ਸਟਾਫ ਵੱਲੋਂ ਇੱਕ ਮੰਗ ਪੱਤਰ ਇੱਕ ਮੰਗ ਪੱਤਰ ਵੀ ਵਿਧਾਇਕ ਪੰਡੋਰੀ ਨੂੰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਚੀਮਾ-ਜੋਧਪੁਰ ਸਕੂਲ ਵਿੱਚ ਕਾਮਰਸ ਤੇ ਸਾਇੰਸ ਗਰੁੱਪ ਦੀ ਪੜ੍ਹਾਈ ਸ਼ੁਰੂ ਕਰਵਾਉਣ ਤੋਂ ਇਲਾਵਾ ਅਧੂਰੇ ਬਾਸਕਟਬਾਲ ਗਰਾਊਂਡ ਨੂੰ ਪੂਰਾ ਕਰਨ, ਸਾਇੰਸ ਲੈਬ, ਖੇਡਾਂ ਦੇ ਸਾਮਾਨ, ਸ਼ੁੱਧ ਪਾਣੀ ਲਈ ਆਰ.ਓ. ਅਤੇ ਇੱਕ ਵੱਡੇ ਹਾਲ ਲਈ ਗ੍ਰਾਂਟ ਦੀ ਮੰਗ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ, ਬਿੰਦਰ ਸਿੰਘ ਪੀਏ, ਚੇਅਰਮੈਨ ਜਗਸੀਰ ਸਿੰਘ, ਜਗਸੀਰ ਸਿੰਘ ਚੀਮਾ ਸੀਨੀਅਰ ਆਪ ਆਗੂ, ਜਸਵੀਰ ਸਿੰਘ ਮਾਹੀ ਵੀ ਹਾਜ਼ਰ ਸਨ।