ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 31 ਅਗਸਤ
ਸਥਾਨਕ ਪ੍ਰੇਮ ਨਗਰ ਦੇ ਜਗਨ ਨਾਥ ਭੱਠੇ ਵਾਲੀ ਰੋਡ ’ਤੇ ਸਥਿਤ ਬਾਬਾ ਜੀਵਨ ਧਰਮਸ਼ਾਲਾ ’ਚ ਨਾਜਾਇਜ਼ ਕਬਜ਼ੇ ਦਾ ਮਾਮਲਾ ਭਖ ਗਿਆ ਹੈ। ਧਰਮਸ਼ਾਲਾ ਕਮੇਟੀ ਵੱਲੋਂ ਪ੍ਰਧਾਨ ਬੋਹੜ ਸਿੰਘ ਲੱਧੜ ਦੀ ਅਗਵਾਈ ਹੇਠ ਥਾਣਾ ਸਿਟੀ ਕੋਟਕਪੂਰਾ ਦੇ ਗੇਟ ਮੂਹਰੇ ਧਰਨਾ ਦਿੱਤਾ ਗਿਆ ਤੇ ਪੁਲੀਸ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਲੱਧੜ ਨੇ ਆਖਿਆ ਕਿ ਕਰੀਬ ਪੰਜ ਦਹਾਕੇ ਤੋਂ ਇਹ ਧਰਮਸ਼ਾਲਾ ਚੱਲ ਰਹੀ ਹੈ, ਜਿਸ ਉੱਤੇ ਇਕ ਵਿਕਅਤੀ ਨੇ ਨਾਜਾਇਜ਼ ਕਬਜ਼ਾ ਕਰ ਲਿਆ ਤੇ ਉਥੇ ਗੇਟ ’ਤੇ ਲੱਗੇ ਬਾਬਾ ਜੀਵਨ ਸਿੰਘ ਦੇ ਨਾਂ ਬੋਰਡ ਨੂੰ ਹਟਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਬਜ਼ਾ ਕਰਨ ਵਾਲੇ ਬਾਬਾ ਜੀਵਨ ਸਿੰਘ ਦੇ ਬੋਰਡ ਦੀ ਬੇਅਦਬੀ ਕੀਤੀ ਹੈ। ਇਸ ਸਬੰਧ ਵਿਚ ਉਨ੍ਹਾਂ ਕੋਟਕਪੂਰਾ ਸਿਟੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਪ੍ਰੰਤੂ ਕੋਟਕਪੂਰਾ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੌਂਸਲਰ ਪ੍ਰਭਦਿਆਲ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਧਿਆਨ ਦੇ ਕੇ ਧਰਮਸ਼ਾਲਾ ਵਿਚੋਂ ਨਾਜਾਇਜ਼ ਕਬਜ਼ਾ ਹਟਵਾਉਣਾ ਚਾਹੀਦਾ ਹੈ।
ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਇਸ ਮਾਮਲੇ ‘ਚ ਸ਼ਾਮਲ ਕਬਜ਼ਾ ਕਰਨ ਵਾਲੇ ਖ਼ਿਲਾਫ਼ ਰੋਜ਼ਨਾਮਚਾ ਵਿੱਚ ਰਪਟ ਦਰਜ ਕਰ ਚੁੱਕੇ ਹਨ ਤੇ ਇਸ ਸਬੰਧੀ ਕੇਸ ਐੱਸਡੀਐਮ ਕੋਰਟ ਨੂੰ ਭੇਜ ਚੁੱਕੇ ਹਨ। ਅਦਾਲਤੀ ਸਟੇਅ ਆਰਡਰ ਕਾਰਨ ਉਹ ਇਹ ਕਬਜ਼ਾ ਖਾਲੀ ਨਹੀਂ ਕਰਵਾ ਪਰ ਰਹੇ।