ਪਿੰਡ ਸਹਿਜੜ੍ਹਾ ’ਚ ਅਗੇਤਾ ਝੋਨਾ ਲਾਉਣ ਦਾ ਮਾਮਲਾ ਭਖਿਆ

ਪਿੰਡ ਸਹਿਜੜ੍ਹਾ ’ਚ ਅਗੇਤਾ ਝੋਨਾ ਲਾਉਣ ਦਾ ਮਾਮਲਾ ਭਖਿਆ

ਪਿੰਡ ਸਹਿਜੜ੍ਹਾ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਨਵਕਿਰਨ ਸਿੰਘ
ਮਹਿਲ ਕਲਾਂ, 2 ਜੂਨ

ਨੇੜਲੇ ਪਿੰਡ ਸਹਿਜੜ੍ਹਾ ਵਿਖੇ ਬਰਨਾਲਾ-ਲਧਿਆਣਾ ਮੁੱਖ ਮਾਰਗ ਨੇੜੇ ਇੱਕ ਕਿਸਾਨ ਵੱਲੋਂ ਅਗੇਤਾ ਝੋਨਾ ਲਾਉਣ ਦਾ ਮਾਮਲਾ ਭਖ ਗਿਆ ਹੈ, ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਸਰਕਾਰ ਦੀ ਹਦਾਇਤਾਂ ਅਨੁਸਾਰ ਕਿਸਾਨ ’ਤੇ ਝੋਨਾ ਵਾਹੁਣ ਲਈ ਦਬਾਅ ਪਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਕਿਸਾਨ ਦੇ ਪੱਖ ਵਿੱਚ ਡਟ ਗਈਆ ਹਨ।

ਅਗੇਤਾ ਝੋਨਾ ਲਾਉਣ ਦੀ ਜਾਣਕਾਰੀ ਮਿਲਣ ’ਤੇ ਅੱਜ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਥਾਣਾ ਮਹਿਲ ਕਲਾਂ ਦੀ ਐੱਸਐੱਚਓ ਜਸਵਿੰਦਰ ਕੌਰ ਤੇ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ‘ਚ ਆਪਣੇ ਖੇਤ ਵਿੱਚ ਕੱਦੂ ਕਰਕੇ ਝੋਨਾ ਲਗਾਉਂਦੇ ਕਿਸਾਨ ਨੂੰ ਰੋਕਿਆ ਗਿਆ ਅਤੇ ਝੋਨੇ ਨੂੰ ਚੌਵੀ ਘੰਟਿਆਂ ਅੰਦਰ ਵਾਹੁਣ ਦੀ ਅਪੀਲ ਕੀਤੀ ਗਈ।

ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ, ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ,ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਮੁਖਤਿਆਰ ਸਿੰਘ ਆਦਿ ਨੇ ਮੌਕੇ ‘ਤੇ ਪੁੱਜ ਕੇ ਸਰਕਾਰੀ ਟੀਮ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂਆਂ ਨੇ ਦਲੀਲ ਦਿੱਤੀ ਕਿ ਇਸ ਵਾਰ ਕਰੋਨਾਵਾਇਰਸ ਦੇ ਚੱਲਦਿਆਂ ਕੀਤੀ ਤਾਲਾਬੰਦੀ ਨਾਲ ਪਰਵਾਸੀ ਮਜਦੂਰਾਂ ਦੀ ਘਾਟ ਪੈਦਾ ਹੋ ਗਈ ਹੈ,ਇਸ ਲਈ ਕਿਸਾਨ ਜੇਕਰ ਅਗੇਤਾ ਝੋਨਾ ਲਾਉਣ ਤਾਂ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਆਰਥਿਕ ਤੌਰ ‘ਤੇ ਝੰਬੇ ਪੰਜਾਬੀ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਹ ਜ਼ਿੰਮੇਵਾਰੀ ਲਏ ਕਿ ਉਹ ਮਜ਼ਦੂਰਾਂ ਦੀ ਘਾਟ ਨਹੀਂ ਆਉਣ ਦੇਵੇਗੀ ਤਾਂ ਉਹ ਸਰਕਾਰ ਦੀ ਗੱਲ ਮੰਨ ਲੈਣਗੇ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਉਹ ਤਾਂ ਸਰਕਾਰ ਦੇ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ ਦੇ ਹੁਕਮ ਨੂੰ ਲਾਗੂ ਕਰਵਾਉਣ ਲਈ ਪਿੰਡ ਸਹਿਜੜਾ ਆਏ ਹਨ ਅਤੇ ਇਸੇ ਲਈ ਉਕਤ ਕਿਸਾਨ ਨੂੰ ਝੋਨਾ ਵਾਹੁਣ ਲਈ ਕਹਿ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All