ਪੱਤਰ ਪ੍ਰੇਰਕ
ਤਪਾ ਮੰਡੀ, 27 ਅਪਰੈਲ
ਸਦਰ ਥਾਣਾ ਤਪਾ ਦੀ ਪੁਲੀਸ ਨੇ ਦੋ ਨੌਸਰਬਾਜ਼ਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਤਪਾ ਦੀ ਤਫ਼ਤੀਸ਼ੀ ਅਧਿਕਾਰੀ ਬਲਵੀਰ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਕੋਠੇ ਢਿੱਲਵਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਠਿੰਡਾ ਦੇ ਦੋ ਠੱਗਾਂ ਨਕੁਲ ਖੁਰਾਣਾ ਅਤੇ ਉਸਦੇ ਸਾਥੀ ਰਵਿੰਦਰ ਖੁਰਾਣਾ ਨੇ ਧੋਖੇ ਵਿੱਚ ਰੱਖਕੇ ਉਸ ਨੂੰ ਬਾਹਰਲੇ ਮੁਲਕ ਭੇਜਣ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਤੋਂ ਦਸ ਲੱਖ ਰੁਪਏ ਬਟੋਰ ਲਏ। ਉਸ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ ਵਾਰ-ਵਾਰ ਵਿਦੇਸ਼ ਭੇਜਣ ਦੀ ਗੁਹਾਰ ਲਗਾਈ ਪਰ ਉਸ ਦੀ ਨਾ ਸੁਣੀ ਗਈ। ਉਨ੍ਹਾਂ ਨੇ ਨਾ ਹੀ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਿਸ ਕੀਤੇ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਤਪਾ ਪੁਲੀਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।