ਨਿਰੰਜਣ ਬੋਹਾ
ਬੋਹਾ, 2 ਨਵੰਬਰ
ਨੇੜਲੇ ਪਿੰਡ ਰਿਉਂਦ ਕਲਾਂ ਦੇ ਵਸਨੀਕ ਕ੍ਰਿਸ਼ਨ ਸਿੰਘ ਪੁੱਤਰ ਮਿਲਖਾ ਸਿੰਘ ’ਤੇ ਪ੍ਰੇਮਿਕਾ ਨਾਲ ਮਿਲ ਕੇ ਆਪਣੀ ਪਤਨੀ ਨੂੰ ਅਗ਼ਵਾ ਕਰਨ ਤੋਂ ਬਾਅਦ ਕਤਲ ਕਰਕੇ ਭਾਖੜਾ ਨਹਿਰ ਵਿਚ ਸੁੱਟਣ ਦੇ ਦੋਸ਼ ਲੱਗੇ ਹਨ। ਮ੍ਰਿਤਕ ਗਗਨਪ੍ਰੀਤ ਦੇ ਭਰਾ ਸੁਖਵਿੰਦਰ ਸਿੰਘ ਵਾਸੀ ਰਾਜਮਾਜਰਾ ਵੱਲੋਂ ਬੋਹਾ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਭੈਣ ਗਗਨਦੀਪ ਕੌਰ ਦਾ ਵਿਆਹ ਦਸ ਸਾਲ ਪਹਿਲਾਂ ਰਿਉਂਦ ਕਲਾ ਵਾਸੀ ਕ੍ਰਿਸ਼ਨ ਸਿੰਘ ਨਾਲ ਹੋਇਆ ਸੀ। ਚਾਰ ਪੰਜ ਸਾਲ ਤੋਂ ਉਸ ਦੇ ਜੀਜੇ ਦੇ ਨੇੜਲੇ ਪਿੰਡ ਬਾਦਲਗੜ੍ਹ ਦੀ ਇੱਕ ਔਰਤ ਨਾਲ ਪ੍ਰੇਮ ਸਬੰਧ ਪੈਦਾ ਹੋ ਜਾਣ ’ਤੇ ਪਤੀ ਪਤਨੀ ਵਿਚਕਾਰ ਤਣਾਅ ਰਹਿੰਦਾ ਸੀ ਤੇ ਉਸ ਦਾ ਜੀਜਾ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਬੀਤੇ ਦਿਨ ਉਸ ਦੇ ਜੀਜੇ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਗਗਨਦੀਪ ਕੌਰ ਘਰ ਛੱਡ ਕੇ ਗਾਇਬ ਹੋ ਗਈ ਹੈ ਪਰ ਉਸ ਦੇ ਪੇਕੇ ਪਰਿਵਾਰ ਨੂੰ ਸ਼ੱਕ ਹੋ ਗਿਆ ਕਿ ਕਿ ਕ੍ਰਿਸ਼ਨ ਸਿੰਘ ਨੇ ਆਪਣੀ ਪ੍ਰੇਮਿਕਾ ਮਨਜੀਤ ਕੌਰ ਨਾਲ ਮਿਲ ਕੇ ਉਨ੍ਹਾਂ ਦੀ ਧੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਹੈ। ਗਰਾਮ ਪੰਚਾਇਤ ਰਿਉਂਦ ਕਲਾਂ ਤੇ ਪਿੰਡ ਵਾਸੀਆਂ ਵੱਲੋਂ ਭਾਖੜਾ ਨਹਿਰ ਵਿੱਚੋਂ ਗਗਨਦੀਪ ਦੀ ਲਾਸ਼ ਦੀ ਭਾਲ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਤਾਂ ਉਸ ਦੀ ਲਾਸ਼ ਹਰਿਆਣਾ ਦੇ ਪਿੰਡ ਨੰਗਲ ਤੇ ਬਲਿਆਲਾ ਨੇੜਲੇ ਭਾਖੜਾ ਦੇ ਘੋੜੀ ਪੁਲ ਕੋਲੋਂ ਬਰਾਮਦ ਹੋ ਗਈ।
ਡੀ.ਐਸ.ਪੀ. ਬੁਢਲਾਡਾ ਅਮਰਜੀਤ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੋਹਾ ਪੁਲੀਸ ਵੱਲੋਂ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਕ੍ਰਿਸ਼ਨ ਸਿੰਘ ਤੇ ਮਨਜੀਤ ਕੌਰ ਖਿਲਾਫ ਪਰਚਾ ਦਰਜਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।