ਪੱਤਰ ਪ੍ਰੇਰਕ
ਏਲਨਾਬਾਦ, 28 ਜੂਨ
ਜਾਅਲੀ ਕਾਗਜ਼ਾਤ ਬਣਾ ਕੇ ਪਰਲਜ਼ ਗਰੁੱਪ ਦੀ ਜ਼ਮੀਨ ਵੇਚਣ ਦੇ ਮਾਮਲੇ ’ਚ ਏਲਨਾਬਾਦ ਪੁਲੀਸ ਨੇ ਤਤਕਾਲੀ ਤਹਿਸੀਲਦਾਰ ਸਣੇ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਇਸ ਧੋਖਾਧੜੀ ਦੀ ਸ਼ਿਕਾਇਤ ਸੀਐੱਮ ਵਿੰਡੋ ’ਤੇ ਕੀਤੀ ਸੀ। ਐੱਸਪੀ ਸਿਰਸਾ ਦੀ ਹਦਾਇਤ ’ਤੇ ਸਥਾਨਕ ਪੁਲੀਸ ਨੇ ਇਸ ਮਾਮਲੇ ’ਚ ਪ੍ਰਵੀਨ ਕੁਮਾਰ ਪੁੱਤਰ ਧਰਮਪਾਲ, ਪ੍ਰੋਮਿਲਾ ਪਤਨੀ ਪ੍ਰਵੀਨ ਕੁਮਾਰ (ਦੋਵੇਂ ਵਾਸੀ ਸਾਦੇਵਾਲਾ, ਜ਼ਿਲ੍ਹਾ ਸਿਰਸਾ), ਬਲਦੇਵ ਕੌਰ ਪਤਨੀ ਚਾਨਣ ਸਿੰਘ, ਪਰਮਜੀਤ ਕੌਰ ਪਤਨੀ ਰਣਜੀਤ ਸਿੰਘ (ਦੋਵੇਂ ਵਾਸੀ ਜਟਾਣਾ ਕਲਾਂ ਜ਼ਿਲ੍ਹਾ ਮਾਨਸਾ, ਪੰਜਾਬ), ਚਰਨਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਰਾਏਪੁਰ, ਜ਼ਿਲ੍ਹਾ ਮਾਨਸਾ (ਪੰਜਾਬ), ਜਗਦੀਸ਼ ਪੁੱਤਰ ਸ਼ਾਮ ਲਾਲ ਵਾਸੀ ਰਘੂਵੀਰ ਨਗਰ, ਨਵੀ ਦਿੱਲੀ ਤੇ ਏਲਨਾਬਾਦ ਤੇ ਤਤਕਾਲੀ ਤਹਿਸੀਲਦਾਰ ਸੰਜੇ ਚੌਧਰੀ ਖ਼ਿਲਾਫ਼ ਕੇਸ ਕੀਤਾ ਹੈ। ਜਾਣਕਾਰੀ ਅਨੁਸਾਰ ਜਗਦੀਸ਼ ਪੁੱਤਰ ਸ਼ਾਮ ਲਾਲ ਵਾਸੀ ਨਵੀ ਦਿੱਲੀ ਨੇ ਪਰਲਜ਼ ਗਰੁੱਪ ਦੀ ਏਲਨਾਬਾਦ ਦੇ ਪਿੰਡ ਨੀਮਲਾ ’ਚ ਜ਼ਮੀਨ ਵਿੱਚੋਂ 135 ਕਨਾਲ 19 ਮਰਲੇ 8 ਸਰਸਾਈ ਜ਼ਮੀਨ ਜਾਅਲੀ ਕਾਗਜ਼ਾਤ ਬਣਾ ਕੇ ਉਕਤ ਲੋਕਾਂ ਨੂੰ 50 ਲੱਖ ਰੁਪਏ ਵੇਚ ਦਿੱਤੀ ਸੀ। ਪਰ ਇਸ ਜ਼ਮੀਨ ਨੂੰ ਵੇਚਿਆ ਨਹੀਂ ਸੀ ਜਾ ਸਕਦਾ ਕਿਉਂਕਿ ਸੁਪਰੀਮ ਕੋਰਟ ਨੇ ਇਸ ’਼ਤੇ ਰੋਕ ਲਗਾਈ ਹੈ। ਸਥਾਨਕ ਥਾਣਾ ਇੰਚਾਰਜ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਉਕਤ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।