ਜਸਵੰਤ ਜੱਸ
ਫ਼ਰੀਦਕੋਟ, 8 ਸਤੰਬਰ
ਜ਼ਿਲ੍ਹਾ ਪੁਲੀਸ ਨੇ ਗੁਰਲਾਲ ਕਤਲ ਕਾਂਡ ਦੇ ਮੁੱਖ ਗਵਾਹ ਗੁਰਜਸਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਗੈਂਗਸਟਰ ਗੋਲਡੀ ਬਰਾੜ ਸਮੇਤ 5 ਵਿਅਕਤੀਆਂ ਖ਼ਿਲਾਫ਼ ਧਮਕੀਆਂ ਦੇਣ ਤੇ ਗਲਤ ਗਵਾਹੀ ਦੇਣ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਗਵਾਹ ਗੁਰਜਸਵਿੰਦਰ ਸਿੰਘ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਦੇਸ਼ ਤੇ ਵਿਦੇਸ਼ ਵਿੱਚੋਂ ਕੁਝ ਫ਼ੋਨ ਕਾਲਾਂ ਆਈਆਂ ਹਨ ਜਿਨ੍ਹਾਂ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇ ਉਸ ਨੇ ਗੁਰਲਾਲ ਕਤਲ ਕਾਂਡ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਗਵਾਹੀ ਦਿੱਤੀ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਗੁਰਲਾਲ ਕਤਲ ਕਾਂਡ ਦੇ ਦੂਸਰੇ ਗਵਾਹ ਗੁਰਕੰਵਲਜੀਤ ਸਿੰਘ ਨੂੰ ਵੀ ਗਵਾਹੀ ਤੋਂ ਮੁੱਕਰਨ ਲਈ ਕਥਿਤ ਤੌਰ ’ਤੇ ਡਰਾਇਆ ਧਮਕਾਇਆ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਗੋਲਡੀ ਬਰਾੜ, ਰਾਜੂ ਸਿੰਘ, ਗੁਰਚਰਨ ਸਿੰਘ, ਜੋਨੀ ਅਤੇ ਗੋਬਿੰਦਾ ਸਿੰਘ ਨਾਂ ਦੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜੋਨੀ ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਪੁਲੀਸ ਅਧਿਕਾਰੀ ਨਛੱਤਰ ਸਿੰਘ ਨੇ ਕਿਹਾ ਕਿ ਪਰਚਾ ਦਰਜ ਕਰਨ ਤੋਂ ਬਾਅਦ ਪੁਲੀਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਫਰੀਦਕੋਟ ਦੇ ਜੁਬਲੀ ਸਿਨੇਮਾ ਚੌਕ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਗੁਰਜਸਵਿੰਦਰ ਸਿੰਘ ਤੇ ਗੁਰਕੰਵਲਜੀਤ ਸਿੰਘ ਇਸ ਕਤਲ ਕਾਂਡ ਦੇ ਚਸ਼ਮਦੀਦ ਗਵਾਹ ਹਨ।
ਪਿਸਤੌਲ ਅਤੇ ਮੋਟਰਸਾਈਕਲ ਸਣੇ ਦੋ ਨੌਜਵਾਨ ਕਾਬੂ
ਨਿਹਾਲ ਸਿੰਘ ਵਾਲਾ/ਮੋਗਾ (ਪੱਤਰ ਪ੍ਰੇਰਕ) ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਨੇ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ 32 ਬੋਰ ਦਾ ਪਿਸਤੌਲ, ਛੇ ਜਿੰਦਾ ਰੌਂਦ ਬਰਾਮਦ ਕੀਤੇ ਹਨ। ਫੜੇ ਗਏ ਨੌਜਵਾਨਾਂ ਦੇ ਵਿੱਕੀ ਮਿੱਡੂ ਖੇੜਾ ਗਰੁੱਪ ਨਾਲ ਸਬੰਧ ਦੱਸੇ ਜਾਂਦੇ ਹਨ। ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ਰਾਹੁਲ ਦੀਪ ਸਿੰਘ ਵਾਸੀ ਪੱਤੋ ਹੀਰਾ ਸਿੰਘ ਤੇ ਹਰਜਿੰਦਰ ਸਿੰਘ ਡੱਬਵਾਲੀ ਢਾਬ (ਮੁਕਤਸਰ) ਪੱਤੋ ਹੀਰਾ ਸਿੰਘ ਸਥਿਤ ਯੂਨੀਵਰਸਿਟੀ ਕਾਲਜ ਦੇ ਦਰਜਾ ਚਾਰ ਮੁਲਾਜ਼ਮ ਹਨ। ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਵਿੱਕੀ ਮਿਡੂਖੇੜਾ ਨਾਲ ਸਬੰਧਤ ਜਿਸ ਵਿਅਕਤੀ ਨੇ 29 ਅਗਸਤ ਨੂੰ ਨਾਲਾਗੜ੍ਹ ਦੀ ਅਦਾਲਤ ’ਚ ਗੋਲੀ ਚਲਾਈ ਸੀ। ਦਿੱਲੀ ਪੁਲੀਸ ਨੇ ਇਸ ਮੁਲਜ਼ਮ ਨੂੰ ਪੱਤੋ ਹੀਰਾ ਸਿੰਘ ਤੋਂ ਕਾਬੂ ਕੀਤਾ ਸੀ, ਜਿਸ ਨੂੰ ਇਹ ਪਨਾਹ ਦਿੰਦੇ ਸਨ। ਪੁਲੀਸ ਨੇ ਇਨ੍ਹਾਂ ਨੌਜਵਾਨਾਂ ਤੋਂ 32 ਬੋਰ ਦਾ ਇੱਕ ਪਿਸਟਲ ਛੇ ਰੌਂਦ ਇਕ ਮੋਟਰਸਾਈਕਲ ਤੇ ਇੱਕ ਮੈਗਜ਼ੀਨ ਬਰਾਮਦ ਕਰਕੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕਰ ਲਿਆ ਹੈ।