ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 18 ਜੂਨ
ਇੱਥੋਂ ਦੇ ਇੱਕ ਵਪਾਰੀ ਸੁਰਿੰਦਰ ਬਾਂਸਲ ਕੁਰੰਗਾਂਵਾਲੀ ਕੋਲ ਜਦੋਂ ਉਸ ਦੀਆਂ ਫੈਕਟਰੀਆਂ ਦਾ ਬਿਜਲੀ ਬਿੱਲ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਨਿਗਮ ਵੱਲੋਂ ਬੰਦ ਪਏ ਰਾਈਸ ਸ਼ੈੱਲਰ ਦਾ 90 ਕਰੋੜ 1 ਲੱਖ 37 ਹਜ਼ਾਰ 618 ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਸੁਖਚੈਨ ਰੋਡ ’ਤੇ ਸ਼੍ਰੀ ਗਣੇਸ਼ ਰਾਈਸ ਇੰਡਸਟਰੀ ਦੇ ਨਾਂ ’ਤੇ ਰਾਈਸ ਸ਼ੈੱਲਰ ਹੈ ਅਤੇ ਉਸ ਦਾ ਬਿਜਲੀ ਦਾ ਬਿੱਲ 90 ਕਰੋੜ ਤੋਂ ਜ਼ਿਆਦਾ ਆਇਆ ਹੈ।
ਉਸ ਨੇ ਦੱਸਿਆ ਕਿ ਪੂਰੇ ਸੀਜ਼ਨ ਦੇ ਸਮੇਂ ਸ਼ੈੱਲਰ ਦਾ ਪੰਜ ਤੋਂ ਛੇ ਲੱਖ ਰੁਪਏ ਬਿਜਲੀ ਬਿੱਲ ਆਉਂਦਾ ਸੀ ਪਰ ਹੁਣ 90 ਕਰੋੜ ਤੋਂ ਜ਼ਿਆਦਾ ਆਇਆ ਹੈ। ਉਸ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਵੀ ਨਿਗਮ ਨੇ ਸ਼ੈੱਲਰ ਦਾ 9 ਲੱਖ ਰੁਪਏ ਦਾ ਬਿੱਲ ਭੇਜਿਆ ਸੀ, ਜਿਸ ਨੂੰ ਬਾਅਦ ਵਿੱਚ ਨਿਗਮ ਨੇ ਠੀਕ ਕਰਕੇ ਤਿੰਨ ਲੱਖ ਰੁਪਏ ਦਾ ਬਿੱਲ ਭਰਵਾਇਆ ਸੀ, ਇਸ ਵਾਰ ਫਿਰ ਨਿਗਮ ਦੀ ਲਾਪ੍ਰਵਾਹੀ ਕਾਰਨ ਉਸ ਨੂੰ ਉਕਤ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ।
ਉਸ ਨੇ ਦੱਸਿਆ ਕਿ ਉਨ੍ਹਾਂ ਦੀ ਦੂਜੀ ਫਰਮ ਅਜੈ ਬਾਂਸਲ ਇੰਡਸਟਰੀਜ਼ ਦਾ ਬਿੱਲ ਵੀ 11 ਲੱਖ ਰੁਪਏ ਤੋਂ ਜ਼ਿਆਦਾ ਆਇਆ ਹੈ। ਉਸ ਨੇ ਦੱਸਿਆ ਕਿ ਇਸ ਸਮੇਂ ਇਹ ਫੈਕਟਰੀ ਵੀ ਬੰਦ ਹੈ ਪਰ ਇਸ ਦੇ ਬਾਵਜੂਦ ਨਿਗਮ ਵੱਲੋਂ ਲੱਖਾਂ ਰੁਪਏ ਦਾ ਬਿੱਲ ਭੇਜਿਆ ਗਿਆ ਹੈ ਜੋ ਸਰਾਸਰ ਗਲਤ ਹੈ। ਉਸ ਨੇ ਕਿਹਾ ਕਿ ਬਿਜਲੀ ਨਿਗਮ ਨੂੰ ਜਾਂਚ ਕਰਕੇ ਬਿੱਲ ਭੇਜਣਾ ਚਾਹੀਦਾ ਹੈ ਅਤੇ ਇਨ੍ਹਾਂ ਬਿੱਲਾਂ ਨੂੰ ਦਰੁਸਤ ਕਰਨਾ ਚਾਹੀਦਾ ਹੈ। ਉਨ੍ਹਾਂ ਬਿਜਲੀ ਨਿਗਮ ਦੇ ਮੁਲਾਜ਼ਮਾਂ ਦੀ ਬਿੱਲ ਤਿਆਰ ਕਰਨ ਸਮੇਂ ਕੀਤੀ ਲਾਪ੍ਰਵਾਹੀ ਦੀ ਨਿੰਦਾ ਕੀਤੀ।