ਪੱਤਰ ਪ੍ਰੇਰਕ
ਭਗਤਾ ਭਾਈ, 16 ਅਗਸਤ
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿੱਚ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਸਪੋਰਟਸ ਮੈਨੇਜਰ ਕੋਹਿਨੂਰ ਸਿੱਧੂ ਅਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਵਿੱਚ ਸਰਪ੍ਰਸਤ ਹਰਦੇਵ ਸਿੰਘ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਚੇਅਰਮੈਨ ਗਗਨ ਬਰਾੜ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਦੀ ਅਗਵਾਈ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ।
ਸਮਾਲਸਰ (ਪੱਤਰ ਪ੍ਰੇਰਕ): ਇੱਥੇ ਸਸਸਸ ਗੁਰੂ ਤੇਗ ਬਹਾਦਰਗੜ੍ਹ, ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਤੇ ਵੀਰ ਸਿੰਘ ਮੈਮੋਰੀਅਲ ਸਕੂਲ ਨੱਥੂ ਵਾਲਾ ਗਰਬੀ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਲਸਰ ਸਿਹਤ ਕੇਂਦਰ ਵਿਚ ਆਜ਼ਾਦੀ ਦਿਵਸ ਸਮਾਗਮ ਮੌਕੇ ਸੀਐੱਚਓ ਹਰਮੀਤ ਕੌਰ, ਇਕਬਾਲ ਸਿੰਘ, ਰੋਹਿਤ ਗੋਇਲ, ਸਰਪੰਚ ਰਣਜੀਤ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਪੰਚ ਗੁਰਦੇਵ ਸਿੰਘ ਹਾਜ਼ਰ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੈਸ਼ਨਲ ਐਵਾਰਡੀ, ਪ੍ਰਿੰਸੀਪਲ ਸੁਨੀਤਾ ਰਾਜ ਨੇ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਧਰ, ਸ਼ਹੀਦ ਭਗਤ ਸਿੰਘ ਕਲੱਬ ਸ਼ਹਿਣਾ ਵੱਲੋਂ ਪ੍ਰਧਾਨ ਦਲਜੀਤ ਸਿੰਘ ਮੱਲੀ ਦੀ ਅਗਵਾਈ ’ਚ ਸ਼ਹੀਦ ਭਗਤ ਚੌਕ ਵਿੱਚ ਝੰਡਾ ਲਹਿਰਾਇਆ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿੱਚ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਕੌਰ ਸਿੱਧੂ ਨੇ ਰਾਸ਼ਟਰੀ ਝੰਡਾ ਲਹਿਰਾਇਆ।ਇਸੇ ਦੌਰਾਨ ਨਗਰ ਕੌਂਸਲ ਦੇ ਦਫ਼ਤਰ ਵਿੱਚ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਮੌਕੇ ਪ੍ਰਧਾਨ ਜੋਨੀ ਬਾਂਸਲ ਨੇ ਕੌਮੀ ਝੰਡਾ ਲਹਿਰਾਇਆ। ਇਸੇ ਤਰਾਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ, ਸਰਕਾਰੀ ਸਮਾਰਟ ਹਾਈ ਸਕੂਲ (ਲੜਕੀਆਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਲਿਟਲ ਕਿਡਜ਼ ਪਲੇਅ ਵੇਅ ਵਿੱਚ ਮਹਿਕ ਜਿੰਦਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ,ਐੱਲਸੀਆਈ ਦਫ਼ਤਰ ਅਤੇ ਪਿੰਡ ਤੁੰਗਵਾਲੀ ਵਿੱਚ ਬਾਬਾ ਜੀਤਾ ਜੀ ਢਾਬ ਦੇ ਅੰਮ੍ਰਿਤ ਸਰੋਵਰ ਝੰਡਾ ਲਹਿਰਾਇਆ ਗਿਆ।
ਏਲਨਾਬਾਦ (ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਇਸ ਵਾਰ ਏਲਨਾਬਾਦ ਦੀ ਐਡੀਸ਼ਨਲ ਅਨਾਜ ਮੰਡੀ ਵਿੱਚ ਮਨਾਇਆ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਹੋਏ ਰੰਗਾਰੰਗ ਪ੍ਰੋਗਰਾਮ ਵਿੱਚ ਨਚੀਕੇਤਨ ਪਬਲਿਕ ਸਕੂਲ ਅਤੇ ਪਰੇਡ ਵਿੱਚ ਸਰਕਾਰੀ ਗਰਲਜ਼ ਸਕੂਲ ਪਹਿਲੇ ਸਥਾਨ ’ਤੇ ਰਹੇ। ਇਸ ਦੌਰਾਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਲੋਕਾਂ ਨੂੰ ਵੀ ਸਨਮਾਨਤ ਕੀਤਾ ਗਿਆ।
ਜੀਰਾ (ਪੱਤਰ ਪ੍ਰੇਰਕ): ਦਾਣਾ ਮੰਡੀ ਜ਼ੀਰਾ ਵਿੱਚ 75ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਜ਼ੀਰਾ ਇੰਦਰਪਾਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਕੌਮੀ ਝੰਡਾ ਲਹਿਰਾਉਣ ਉਪਰੰਤ ਐੱਸਡੀਐੱਮ ਜ਼ੀਰਾ ਨੇ ਪਰੇਡ ਦਾ ਨਿਰੀਖਣ ਕੀਤਾ।
ਜੈਤੋ (ਪੱਤਰ ਪ੍ਰੇਰਕ): ਇੱਥੇ ਖੇਡ ਸਟੇਡੀਅਮ ਵਿੱਚ ਹੋਏ ਸਬ ਡਿਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਜੈਤੋ ਦੇ ਐਸਡੀਐਮ ਡਾ. ਨਿਰਮਲ ਓਸੇਪਚਨ (ਆਈਏਐਸ) ਨੇ ਤਿਰੰਗਾ ਝੰਡਾ ਲਹਿਰਾਇਆ। ਸਮਾਗਮ ਵਿੱਚ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਅਮੋਲਕ ਸਿੰਘ, ਤਹਿਸੀਲਦਾਰ ਜੈਤੋ ਅਨਿਲ ਕੁਮਾਰ ਸ਼ਰਮਾ, ਨਾਇਬ ਤਹਿਸੀਲਦਾਰ ਰਣਜੀਤ ਕੌਰ, ਈਓ ਭੁਪਿੰਦਰ ਸਿੰਘ ਮੌਜੂਦ ਸਨ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਇੱਥੇ ਸਥਿਤ ਨਵੀਂ ਦਾਣਾ ਮੰਡੀ ’ਚ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਸਮਾਗਮ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪਮੰਡਲ ਮੈਜਿਸਟ੍ਰੇਟ ਰਾਮ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਜੱਜ ਅਸ਼ੀਸ਼ ਠਠਈ, ਨਗਰ ਪੰਚਾਇਤ ਪ੍ਰਧਾਨ ਜਗਦੀਪ ਸਿੰਘ ਗਟਰਾ ਡੀਐੱਸਪੀ ਮਨਜੀਤ ਸਿੰਘ ਢੇਸੀ , ਤਹਿਸੀਲਦਾਰ ਮੁਖਤਿਆਰ ਸਿੰਘ ਮੌਜੂਦ ਸਨ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਬਲਾਕ ਪੱਧਰੀ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਫਤਿਹਾਬਾਦ ਤੋਂ ਵਿਧਾਇਕ ਦੂੜਾ ਰਾਮ ਨੇ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਦੀ ਸਲਾਮੀ ਲਈ। ਉਧਰ ਸਰਕਾਰੀ ਮਹਿਲਾ ਕਾਲਜ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਨਾਲ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕਰਦਿਆਂ ਜੋਸ਼, ਜਨੂੰਨ ਅਤੇ ਕੌਮੀ ਜਜ਼ਬੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਜਿੱਥੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਜ਼ਿਲ੍ਹਾ ਅਤੇ ਸੈਸਨ ਜੱਜ ਮੈਡਮ ਜਤਿੰਦਰ ਕੌਰ, ਆਈਜੀ ਜ਼ਸਕਰਨ ਸਿੰਘ, ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਹਾਜ਼ਰ ਸਨ।
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਸਮਾਗਮ ਦਾ ਬਾਈਕਾਟ
ਏਲਨਾਬਾਦ (ਪੱਤਰ ਪ੍ਰੇਰਕ): ਇੱਥੇ ਅਨਾਜ ਮੰਡੀ ਵਿੱਚ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿੱਚ ਨਗਰ ਪਾਲਿਕਾ ਚੇਅਰਮੈਨ ਰਾਮ ਸਿੰਘ ਸੋਲੰਕੀ ਦੀ ਕੁਰਸੀ ਸਟੇਜ ’ਤੇ ਲਾਈਆਂ ਕੁਰਸੀਆਂ ਦੇ ਪਿਛਲੇ ਪਾਸੇ ਲੱਗੀ ਹੋਣ ਕਾਰਨ ਉਹ ਸਟੇਜ ਤੋਂ ਥੱਲੇ ਬੈਠ ਕੇ ਹੀ ਪ੍ਰੋਗਰਾਮ ਦੇਖਦੇ ਰਹੇ। ਜਦੋਕਿ ਨਗਰ ਪਾਲਿਕਾ ਚੋਣਾਂ ਵਿਚ ਹਾਰੇ ਹੋਏ ਲੋਕ ਸਟੇਜ ’ਤੇ ਮੂਹਰਲੀਆਂ ਕਤਾਰਾਂ ਵਿੱਚ ਬੈਠੇ ਨਜ਼ਰ ਆਏ। ਸਟੇਜ਼ ’ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਵੀ ਪਿਛਲੀ ਕਤਾਰ ਵਿੱਚ ਕੁਰਸੀਆਂ ਲਾਈਆਂ ਗਈਆਂ। ਹਰਿਆਣਾ ਫਰੀਡਮ ਫਾਈਟਰ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਐੱਸਡੀਐੱਮ ਨੂੰ ਵੀ ਜਾਣੂੰ ਕਰਵਾਇਆ ਸੀ ਪਰ ਉਨ੍ਹਾਂ ਵਲੋਂ ਕੋਈ ਐਕਸ਼ਨ ਨਹੀ ਲਿਆ ਗਿਆ। ਜਿਸ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਦਾ ਬਾਈਕਾਟ ਕਰਨਾ ਪਿਆ ਹੈ।
ਵਿਧਾਇਕ ਕਾਮਰੇਡ ਵਧਾਵਾ ਰਾਮ ਦਾ ਜਨਮ ਦਿਨ ਮਨਾਇਆ
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਪਹਿਲੇ ਚੁਣੇ ਗਏ ਵਿਧਾਇਕ ਆਜ਼ਾਦੀ ਘੁਲਾਟੀਏ ਕਾਮਰੇਡ ਵਧਾਵਾ ਰਾਮ ਦਾ ਜਨਮ ਦਿਨ ਆਜ਼ਾਦੀ ਦਿਹਾੜੇ ਮੌਕੇ ਇਨਕਲਾਬੀ ਸਮਾਗਮ ਕਰਕੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਵਧਾਵਾ ਰਾਮ ਯਾਦਗਰ ਕਮੇਟੀ ਦੇ ਪ੍ਰਧਾਨ ਮਾਂਗਾ ਰਾਮ,ਸਕੱਤਰ ਬਖਤਾਵਰ ਸਿੰਘ ਨੇ ਕੀਤੀ। ਸਮਾਗਮ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਭਾਰਤ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਭਗਤ ਸਿੰਘ ਅਤੇ ਉਸ ਦੇ ਨਾਲ ਦੇ ਇਨਕਲਾਬੀ ਸਾਥੀਆਂ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰੋਫ਼ੈਸਰ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਭਗਤ ਸਿੰਘ ਦਾ ਅੱਠ ਨੁਕਾਤੀ ਪ੍ਰੋਗਰਾਮ ਪੜ੍ਹ ਕੇ ਉਸ ਤੇ ਅਮਲ ਕਰਨਾ ਚਾਹੀਦਾ ਹੈ। ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਅੰਦਰ ਜਦੋਂ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਆਮ ਅਤੇ ਮੱਧਵਰਗ ਦਾ ਆਰਥਿਕ ਤੌਰ ਤੇ ਕਚੂੰਮਰ ਕੱਢਿਆ ਜਾ ਰਿਹਾ ਹੈ।