ਜੋਗਿੰਦਰ ਸਿੰਘ ਮਾਨ
ਮਾਨਸਾ, 14 ਨਵੰਬਰ
ਪੰਜਾਬ ਦਾ ਅੰਨਦਾਤਾ ਜਦੋਂ ਡੀਏਪੀ ਖਾਦ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ ਤਾਂ ਉਸ ਵੇਲੇ ਕੁੱਝ ਵਪਾਰੀਆਂ ਨੇ ਕਿਸਾਨੀ ਤਕਲੀਫ਼ ਦਾ ਲਾਹਾ ਲੈ ਕੇ ਗੈਰ-ਮਿਆਰੀ ਅਤੇ ਨਕਲੀ ਡੀਏਪੀ ਖਾਦ ਬਣਾ ਕੇ ਹੱਥ ਰੰਗਣ ਦਾ ਜੁਗਾੜ ਤੋਰ ਲਿਆ ਹੈ। ਇਸ ਦੀ ਅੱਜ ਸਮੇਂ ਸਿਰ ਜਾਣਕਾਰੀ ਮਿਲਣ ’ਤੇ ਮਾਨਸਾ ਦੇ ਖੇਤੀਬਾੜੀ ਵਿਭਾਗ ਵੱਲੋਂ ਛਾਪੇ ਮਾਰ ਕੇ 705 ਥੈਲੇ ਨਕਲੀ ਡੀਏਪੀ ਖਾਦ ਦੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਵੱਲੋਂ ਖਾਦ ਫੜਨ ਸਾਰ ਪੁਲੀਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਮੌਕੇ ’ਤੇ ਆ ਕੇ ਖਾਦ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਸਬੰਧੀ ਦੋ ਵਿਅਕਤੀਆਂ ’ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ। ਮਾਨਸਾ ਸਥਿਤ ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸਰਦੂਲਗੜ੍ਹ ਦੀ ਪੁਲੀਸ ਵੱਲੋਂ ਦੋ ਜਣਿਆਂ ’ਤੇ ਫਰਟੇਲਾਈਜ਼ਰ ਕੰਟਰੋਲ ਆਰਡਰ-1985 ਦੀਆਂ ਧਾਰਾਵਾਂ ਅਨੁਸਾਰ ਅਤੇ ਜ਼ਰੂਰੀ ਵਸਤਾਂ ਐਕਟ-1995 ਦੀ ਧਾਰਾ 7-ਈਸੀ ਮੁਤਾਬਕ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮਾਨਸਾ ਦੱਸਿਆ ਗਿਆ ਹੈ ਕਿ ਬਾਇਓ ਡੀਏਪੀ ਦੇ ਨਾਂ ’ਤੇ ਵੇਚੀ ਜਾਣ ਵਾਲੀ ਇਹ ਖਾਦ ਦੇ ਥੈਲੇ ਦੀ ਭਰਤੀ ਵੀ ਡੀਏਪੀ ਵਾਂਗ 50 ਕਿੱਲੋ ਵਿਚ ਕੀਤੀ ਗਈ ਹੈ ਅਤੇ ਉਸ ਦਾ ਨਾਮ ਵੀ ਡੀਏਪੀ ਖਾਦ ਨਾਲ ਮਿਲਦਾ-ਜੁਲਦਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਸਬਾ ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਰੋਡ ’ਤੇ ਸਥਿਤ ਇਕ ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਬਾਇਓ ਡੀਏਪੀ ਨਾਂ ਦੀ ਖਾਦ ਰੱਖੀ ਹੋਈ ਸੀ ਅਤੇ ਉਸ ਦੀ ਸ਼ਿਕਾਇਤ ਮਿਲਣ ’ਤੇ ਗੁਦਾਮ ’ਤੇ ਛਾਪੇਮਾਰੀ ਕੀਤੀ ਗਈ ਅਤੇ ਸਬੰਧਤ ਗੁਦਾਮ ਵਿਚੋਂ ਬਾਇਓ ਡੀਏਪੀ ਨਾਂ ’ਤੇ ਪੈਕ ਕੀਤੀ ਹੋਈ ਡੁਪਲੀਕੇਟ ਖਾਦ ਦੇ 705 ਗੱਟੇ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਗੁਦਾਮ ਵਿੱਚੋਂ ਪ੍ਰਾਪਤ ਕੀਤੀ ਗਈ ਖਾਦ ਕੰਟਰੋਲ ਆਰਡਰ-1985 ਦੇ ਅਨੁਸਾਰ ਵੇਚ ਮਾਪਦੰਡ ਦੇ ਅਨੁਸਾਰ ਤਿਆਰ ਨਹੀਂ ਸੀ ਅਤੇ ਨਾ ਹੀ ਸਬੰਧਤ ਵਿਅਕਤੀਆਂ ਵੱਲੋਂ ਇਸ ਖਾਦ ਨੂੰ ਵੇਚਣ ਦੀ ਕੋਈ ਮਨਜ਼ੂਰੀ ਲਈ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਡੀਏਪੀ ਦੀ ਘਾਟ ਦੇ ਚੱਲਦਿਆਂ ਉਹ ਅਜਿਹੇ ਅਨਸਰਾਂ ਦੀਆਂ ਗੱਲਾਂ ਤੋਂ ਗੁੰਮਰਾਹ ਹੋ ਕੇ ਅਜਿਹੀ ਖਾਦ ਦੀ ਖ਼ਰੀਦ ਨਾ ਕਰਨ, ਜਿਸ ਨਾਲ ਉਨ੍ਹਾਂ ਦੀ ਫ਼ਸਲ ਅਤੇ ਉਨ੍ਹਾਂ ਦੇ ਪੈਸੇ ਦਾ ਨੁਕਸਾਨ ਹੋਵੇਗਾ।
ਇਸੇ ਦੌਰਾਨ ਥਾਣਾ ਸਰਦੂਲਗੜ੍ਹ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮਦਨ ਵਾਸੀ ਸਿਰਸੀਵਾਲਾ,ਜ਼ਿਲ੍ਹਾ ਹਿਸਾਰ ਅਤੇ ਦਰਸ਼ਨ ਸਿੰਘ ਸੇਖੋਂ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਉਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਆਂਧਰਾ ਪ੍ਰਦੇਸ਼ ਦੇ ਗੰਟੂਰ ਸ਼ਹਿਰ ਤੋਂ ਇਸ ਖਾਦ ਨੂੰ ਮੰਗਵਾਇਆ ਗਿਆ ਸੀ, ਜਿਸ ਦੇ ਖੇਤੀਬਾੜੀ ਵਿਭਾਗ ਦੇ ਨਿਯਮਾਂ ਮੁਤਾਬਕ ਕੋਈ ਕਾਗਜ਼ਾਤ ਪੂਰੇ ਨਹੀਂ ਸਨ ਅਤੇ ਇਹ ਵਿਭਾਗ ਵੱਲੋਂ ਡੁਪਲੀਕੇਟ ਖਾਦ ਐਲਾਨੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਫੜੇ ਗਏ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਖਾਦ ਉਨ੍ਹਾਂ ਵੱਲੋਂ ਪਿੰਡ ਭੰਮੇ ਕਲਾਂ ਅਤੇ ਬੋੜਾਵਾਲ ਦੀ ਸਹਿਕਾਰੀ ਸੁਸਾਇਟੀ ਨੂੰ 60-60 ਥੈਲੇ ਅਤੇ ਹੋਰ ਥਾਵਾਂ ’ਤੇ ਵੀ ਭੇਜਿਆ ਗਿਆ ਹੈ, ਜਿਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਣ ਲੱਗੀ ਹੈ।
ਡੀਏਪੀ ਨਾ ਮਿਲਣ ਦੇ ਰੋਸ ਵਜੋਂ ਆਵਾਜਾਈ ਠੱਪ
ਫਾਜ਼ਿਲਕਾ (ਪਰਮਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸਿੱਧੂਪੁਰ ਵੱਲੋਂ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਦੇ ਰੋਸ ਵਜੋਂ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਮੰਡੀ ਲਾਧੂਕਾ ਦੇ ਬੱਸ ਸਟੈਂਡ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਨੇ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਗਪਗ ਮਹੀਨਾ ਪਹਿਲਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮੈਡਮ ਬਬੀਤਾ ਕਲੇਰ ਨੂੰ ਮੰਗ ਪੱਤਰ ਦੇ ਕੇ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ’ਚ ਕਿਸਾਨਾਂ ਨੂੰ ਡੀਏੇਪੀ ਖਾਦ ਦੀ ਜ਼ਰੂਰਤ ਹੋਵੇਗੀ ਅਤੇ ਇਸ ਦੀ ਘਾਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਗ ਪੱਤਰ ਦੇਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਅੱਜ ਆਲਮ ਇਹ ਹੋ ਗਿਆ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਕਣਕ ਦਾ ਬੀਜ ਤਾਂ ਲੈ ਕੇ ਪਹੁੰਚ ਰਿਹਾ ਹੈ ਪਰ ਉਸ ਨੂੰ ਡੀਏਪੀ ਖਾਦ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਖੇਤਾਂ ਦੇ ਵਤਰ ਸੁੱਕ ਰਹੇ ਹਨ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਕੋ ਨੀਤੀ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਪਿਛਲੇ ਲਗਪਗ ਵਰ੍ਹੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ਲਗਾ ਕੇ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਪੰਜਾਬ ’ਚ ਕਿਸਾਨ ਵੱਖ ਵੱਖ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਝੋਨੇ ਦੀ ਫਸਲ ਦੇ ਮੁੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਅਤੇ ਹੁਣ ਡੀਏਪੀ ਖਾਦ ਨੂੰ ਲੈ ਕੇ ਕੀਤੇ ਜਾ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਡੀਏਪੀ ਖਾਦ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦੁਆਉਂਦਿਆਂ ਕਿਹਾ ਕਿ 15 ਨਵੰਬਰ ਤੱਕ ਫਾਜ਼ਿਲਕਾ ਵਿੱਚ ਡੀਏਪੀ ਖਾਦ ਦਾ ਰੈਕ ਲੱਗ ਜਾਵੇਗਾ ਅਤੇ ਕਿਸਾਨਾਂ ਨੂੰ ਰਾਹਤ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ।
ਡੀਏਪੀ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਛਾਪੇ
ਬੋਹਾ/ਬੁਢਲਾਡਾ (ਨਰੰਜਣ ਬੋਹਾ/ਅਮਿਤ ਕੁਮਾਰ): ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬੁਢਲਾਡਾ ਵੱਲੋਂ ਡੀਏਪੀ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਬੋਹਾ ਮੰਡੀ ਵਿੱਚ ਖਾਦ ਵਿਕਰੇਤਾਵਾਂ ਦਾ ਰਿਕਾਰਡ ਅਤੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਡਾ. ਸਿਕੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਬੁਢਲਾਡਾ ਨੇ ਕਿਹਾ ਕਿ ਡੀਏਪੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਸਬੰਧਤ ਦੁਕਾਨਦਾਰਾਂ ਦੀ ਲਗਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਖਾਦ ਵਿਕਰੇਤਾ ਕਿਸਾਨਾਂ ਤੋਂ ਡੀਏਪੀ ਦਾ ਵੱਧ ਰੇਟ ਨਾ ਵਸੂਲ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕੋਈ ਦੁਕਾਨਦਾਰ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ| ਇਸ ਮੌਕੇ ਡਾਕਟਰ ਗੁਰਵੀਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਅਚਨਚੇਤ ਚੈਕਿੰਗ ਲਈ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਅਤੇ ਵਿਭਾਗ ਵੱਲੋਂ ਕੀਤੀਆਂ ਸਖਤ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ| ਇਸ ਮੌਕੇ ਨਿਰਮਲ ਸਿੰਘ, ਏਟੀਐੱਮ, ਰਵਿੰਦਰ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਵੀ ਸਨ|