ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੁਲਾਈ
ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਬੇਸ਼ੱਕ ਸਰਕਾਰ ਨੇ ਵੱਡੀ ਮੁਹਿੰਮ ਆਰੰਭੀ ਹੋਈ ਹੈ, ਪਰ ਨਰਮੇ ਦੀ ਫ਼ਸਲ ਉਪਰ ਸਭ ਤੋਂ ਘਾਤਕ ਹਮਲਾ ਕਰਨ ਵਾਲੀ ਚਿੱਟੀ ਮੱਖੀ ਦੇ ਮੁਕੰਮਲ ਖ਼ਾਤਮੇ ਲਈ ਲੋੜੀਂਦੇ ਫੰਡ ਅਜੇ ਤੱਕ ਜਾਰੀ ਨਹੀਂ ਹੋਏ। ਥਾਂ-ਥਾਂ ’ਤੇ ਖੜ੍ਹੇ ਕਾਂਗਰਸੀ ਘਾਹ, ਗੁੱਤ ਪੱਟਣਾ, ਕੰਘੀ ਬੂਟੀ, ਪੀਲੀ ਬੂਟੀ ਅਤੇ ਭੱਖੜਾ ਨੂੰ ਅਜੇ ਤੱਕ ਪੁਟਾਇਆ ਨਹੀਂ ਗਿਆ। ਫੰਡਾਂ ਦੀ ਘਾਟ ਕਾਰਨ ਗਾਜਰ ਘਾਹ (ਕਾਂਗਰਸੀ ਘਾਹ) ਦੀ ਸਫ਼ਾਈ ਨਹੀਂ ਹੋ ਸਕੀ, ਜੋ ਮਿਲੀਬੱਗ ਅਤੇ ਚਿੱਟੀ ਮੱਖੀ ਦੇ ਵਧਣ-ਫੁੱਲਣ ਵਿੱਚ ਸਭ ਤੋਂ ਵੱਧ ਸਹਾਈ ਹੈ। ਵੇਰਵਿਆਂ ਮੁਤਾਬਕ, ਪੰਜਾਬ ਖੇਤੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੂਟਿਆਂ ’ਤੇ ਚਿੱਟੀ ਮੱਖੀ ਸਭ ਤੋਂ ਵੱਧ ਪੈਦਾ ਹੁੰਦੀ ਹੈ। ਨਰਮਾ ਪੱਟੀ ਵਿੱਚ ਵੱਧ ਮੀਂਹ ਪੈਣ ਕਾਰਨ ਨਦੀਨ ਪੈਦਾ ਹੋ ਰਹੇ ਹਨ, ਜਦੋਂਕਿ ਸੜਕਾਂ, ਨਹਿਰਾਂ ਕਿਨਾਰਿਆਂ, ਪਹੀਆਂ-ਰਾਹਾਂ ਤੋਂ ਪਹਿਲਾਂ ਹੀ ਇਨ੍ਹਾਂ ਦੀ ਸਫ਼ਾਈ ਨਹੀਂ ਹੋਈ।
ਇੱਕ ਜ਼ਿੰਮੇਵਾਰ ਅਧਿਕਾਰੀ ਨੇ ਅਗਲੇ ਦਿਨਾਂ ਤੱਕ ਫੰਡ ਨਾ ਮਿਲਣ ਦੀ ਹਾਮੀ ਭਰੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਖੇਤੀਬਾੜੀ ਵਿਕਾਸ ਅਫ਼ਸਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਚਿੱਟੀ ਮੱਖੀ ਦੇ ਹਮਲੇ ਦਾ ਖ਼ਤਰਾ ਨਾ ਹੋਣ ਕਾਰਨ ਪੰਜਾਬ ਸਰਕਾਰ ਨੇ ਅਜੇ ਤੱਕ ਕਿਸੇ ਤਰ੍ਹਾਂ ਦੇ ਫੰਡ ਜਾਰੀ ਨਹੀਂ ਕੀਤੇ, ਪਰ ਬੀਡੀਪੀਓ ਵੱਲੋਂ ਆਪਣੇ ਪੱਧਰ ’ਤੇ ਅਜਿਹੇ ਨਦੀਨਾਂ ਦੇ ਖ਼ਾਤਮੇ ਲਈ ਮਗਨਰੇਗਾ ਮਜ਼ਦੂਰਾਂ ਦੀ ਮਦਦ ਲਈ ਜਾਵੇਗੀ।