ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਜਨਵਰੀ
ਵਿਦੇਸ਼ ਜਾਣ ਦੀ ਲਾਲਸਾ ਕਾਰਨ ਪੰਜਾਬ ਦੇ ਨੌਜਵਾਨ ਠੱਗੀ ਦਾ ਸ਼ਿਕਾਰ ਹੋਣ ਲੱਗੇ ਹਨ। ਇਹ ਠੱਗੀ ਆਈਲੈਟਸ (ਆਇਲਜ਼) ਪਾਸ ਕੁੜੀਆਂ ਵਲੋਂ ਵਿਆਹ ਕਰਵਾਉਣ ਉਪਰੰਤ ਵਿਦੇਸ਼ ਪਹੁੰਚ ਕੇ ਕੀਤੀ ਜਾ ਰਹੀ ਹੈ। ਲੜਕੀਆਂ ਚੰਗੇ ਬੈਂਡ ਲੈ ਕੇ ਵਿਆਹ ਤੋਂ ਬਾਅਦ ਲੜਕੇ ਪਰਿਵਾਰ ਦੇ ਪੈਸਿਆਂ ਨਾਲ ਵਿਦੇਸ਼ ਜਾ ਰਹੀਆਂ ਹਨ। ਉੱਥੇ ਜਾ ਕੇ ਉਹ ਨਾ ਤਾਂ ਪਤੀ ਨੂੰ ਵਿਦੇਸ਼ ਬੁਲਾਉਂਦੀਆਂ ਹਨ, ਨਾ ਹੀ ਸਹੁਰੇ ਪਰਿਵਾਰ ਦੇ ਖ਼ਰਚ ਹੋਏ ਪੈਸੇ ਵਾਪਸ ਕਰਦੀਆਂ ਹਨ। ਇਸੇ ਠੱਗੀ ਦਾ ਸ਼ਿਕਾਰ ਹੋਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਪੰਜਾਬ, ਭਾਰਤ ਅਤੇ ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਪਿੰਡ ਜਗਜੀਤਪੁਰਾ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2019 ਵਿੱਚ ਪਿੰਡ ਥਰਾਜ ਦੀ ਆਈਲੈਟਸ ਪਾਸ ਗ਼ਰੀਬ ਪਰਿਵਾਰ ਦੀ ਲੜਕੀ ਨਾਲ ਹੋਇਆ ਸੀ। ਲੜਕੀ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਨੇ ਇੱਕ ਏਕੜ ਜ਼ਮੀਨ ਵੇਚ ਕੇ 20 ਲੱਖ ਰੁਪਏ ਦੇ ਕਰੀਬ ਖ਼ਰਚਾ ਕੀਤਾ ਪਰ ਲੜਕੀ ਨੇ ਵਿਦੇਸ਼ ਜਾ ਕੇ ਜਸਵਿੰਦਰ ਨੂੰ ਬੁਲਾਉਣ ਤੋਂ ਨਾਂਹ ਕਰ ਦਿੱਤੀ। ਪੀੜਤ ਪਰਿਵਾਰ ਨੇ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਬਠਿੰਡਾ ਦੇ ਪਿੰਡ ਗੌਂਸਪੁਰਾ ਦੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਬਾਘਾਪੁਰਾਣਾ ਦੀ ਲੜਕੀ ਨਾਲ ਵਿਆਹ ਹੋਇਆ ਸੀ। ਕੈਨੇਡਾ ਗਈ ਪਤਨੀ ਦੀਆਂ ਉਨ੍ਹਾਂ ਨੇ 15 ਲੱਖ ਰੁਪਏ ਦੀਆਂ ਫੀਸਾਂ ਭਰੀਆਂ ਪਰ ਉਸ ਨੇ ਗੁਰਦਿੱਤ ਨੂੰ ਕੈਨੇਡਾ ਬੁਲਾਉਣ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਨੇ 15 ਲੱਖ ਰੁਪਏ ਆਪਣੇ ਖੇਤੀ ਸੰਦ ਅਤੇ ਜ਼ਮੀਨ ਵੇਚ ਕੇ ਜੁਟਾਏ ਸਨ। ਨਿਰਮਲ ਸਿੰਘ ਕੋਠਾਗੁਰੂ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਫ਼ਤਹਿਗੜ੍ਹ ਦੀ ਕੈਨੇਡਾ ਰਹਿੰਦੀ ਲੜਕੀ ਨਾਲ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਨੇ ਵਿਆਹ ਮੌਕੇ 20 ਲੱਖ ਰੁਪਏ ਲੜਕੀ ਵਾਲਿਆਂ ਨੂੰ ਦਿੱਤੇ। ਵਿਆਹ ਉਪਰੰਤ ਵਿਦੇਸ਼ ਲਿਜਾਣ ਤੋਂ ਜਵਾਬ ਦੇ ਦਿੱਤਾ ਗਿਆ। ਇਸੇ ਤਰ੍ਹਾਂ ਕੁਲਦੀਪ ਰਾਏ ਧੂਰੀ, ਲਖਵਿੰਦਰ ਫਗਵਾੜਾ, ਹਰਦੀਪਇੰਦਰ ਸਿੰਘ ਰਾਮਪੁਰਾ ਫੂਲ, ਚਮਕੌਰ ਸਿੰਘ ਰੂੜੇਕੇ, ਯਾਦਵਿੰਦਰ ਸਿੰਘ ਚਾਬਾ (ਹਰਿਆਣਾ), ਜਸਪ੍ਰੀਤ ਸਿੰਘ ਸਮਾਧ ਭਾਈ, ਗੁਰਵਿੰਦਰ ਸਿੰਘ ਤਲਵੰਡੀ, ਰਾਜਵਿੰਦਰ ਸਿੰਘ ਬੱਲੋਕੇ, ਲਖਵਿੰਦਰ ਲੱਕੀ ਜਲੰਧਰ ਆਦਿ ਵੀ ਆਈਲੈਟਸ ਵਾਲੀਆਂ ਕੁੜੀਆਂ ਤੋਂ ਠੱਗੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ‘ਆਪ’ ਆਗੂ ਲਾਭ ਸਿੰਘ ਉਗੋਕੇ ਅਤੇ ਮਨਜਿੰਦਰ ਸਿੰਘ ਜਗਜੀਤਪੁਰਾ ਨੇ ਭਾਰਤ, ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਧੋਖਾ ਕਰ ਕੇ ਕੈਨੇਡਾ ਗਈਆਂ ਲੜਕੀਆਂ ਨੂੰ ਡਿਪੋਰਟ ਕੀਤਾ ਜਾਵੇ। ਉਨ੍ਹਾਂ ਦੇ ਪਰਿਵਾਰਾਂ ’ਤੇ ਕਾਰਵਾਈ ਕੀਤੀ ਜਾਵੇ।