ਪੱਤਰ ਪ੍ਰੇਰਕ
ਗਿੱਦੜਬਾਹਾ, 26 ਨਵੰਬਰ
ਪਹਿਲੀ ਨਵੰਬਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਨਤਮਸਤਕ ਹੋ ਕੇ ਚੱਲਿਆਂ ‘ਪਿੰਡ ਬਚਾਓ, ਪੰਜਾਬ ਬਚਾਓ’ ਕਾਫ਼ਲਾ ਅੱਜ ਗਿੱਦੜਬਾਹਾ ਪੁੱਜਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਕਰਨੈਲ ਸਿੰਘ ਜਖੇਪਲ ਅਤੇ ਕਿਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਦੇਸ਼ ਦੀਆਂ ਸਮੱਸਿਆਵਾਂ ਬਹੁਤ ਗੰਭੀਰ ਹਨ ਅਤੇ ਦੇਸ਼ ਦੇ ਹਾਲਾਤ ਕਾਫ਼ੀ ਖਰਾਬ ਹਨ ਅਤੇ ਇਨ੍ਹਾਂ ਦਾ ਕਾਰਨ ਦੇਸ਼ ਦੀ ਰਾਜਨੀਤੀ ਹੈ, ਜੋ ਕਿ ਹਮੇਸ਼ਾ ਟਕਰਾਅ ਅਤੇ ਧਰਮ ਤੇ ਅਧਾਰਿਤ ਰਹੀ ਹੈ, ਜੋ ਬਹੁਗਿਣਤੀ ਫਿਰਕੇ ਦੇ ਜਜ਼ਬਾਤ ਜਿੱਤ ਕੇ ਆਪਣੀ ਕੁਰਸੀ ਪੱਕੀ ਕਰਨ ਖਾਤਰ ਹੀ ਕੰਮ ਕਰਦੀ ਰਹੀ ਹੈ। ਇਸ ਮੌਕੇ ਜਥੇ ਦੇ ਆਗੂਆ ਨੇ ਕਿਸਾਨਾਂ ਦਾ ਸਮੱਰਥਨ ਕਰਦਿਆਂ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ ਅਤੇ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਦਰਸ਼ਨ ਸਿੰਘ ਪਨੇਠਾ, ਪ੍ਰੀਤਮ ਸਿੰਘ ਫ਼ਾਜਿਲਕਾ, ਬਿਮਲ ਭਨੋਟ, ਸ਼ਮਸ਼ੇਰ ਸਿੰਘ ਗਿੱਦੜਬਾਹਾ, ਜਰਨੈਲ ਸਿੰਘ, ਰਵੀ ਪ੍ਰਕਾਸ਼, ਮੇਘ ਰਾਜ ਬੁੱਟਰ, ਜਸਵੀਰ ਸਿੰਘ,ਭਗਵਾਨ ਦਾਸ ਮਿੱਤਲ, ਹਰਮੰਦਰ ਸਿੰਘ ਆਦਿ ਵੀ ਹਾਜ਼ਰ ਸਨ।