ਪਰਸ਼ੋਤਮ ਬੱਲੀ
ਬਰਨਾਲਾ, 16 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਥੇ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ 17 ਫਰਵਰੀ ਨੂੰ ਜਥੇਬੰਦੀ ਵੱਲੋਂ ਇੱਥੇ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਲੋਕ ਕਲਿਆਣ ਰੈਲੀ ਦੌਰਾਨ ਲੋਕਾਂ ਦੇ ਉਹ ਅਜਿਹੇ ਅਹਿਮ ਬੁਨਿਆਦੀ ਮਸਲੇ ਉਭਾਰਕੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਵਾਮ ਨੂੰ ਜਾਗਰੂਕ ਤੇ ਲਾਮਬੰਦ ਕੀਤਾ ਜਾਵੇਗਾ, ਜਿਹੜੇ ਕਿਸੇ ਪਾਰਟੀ ਇਥੋਂ ਤੱਕ ਸੰਯੁਕਤ ਸਮਾਜ ਪਾਰਟੀ ਦੇ ਵੀ ਨਹੀਂ। ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸੂਬਾਈ ਆਗੂਆਂ ਕਿਹਾ ਕਿ ਲੋਕਾਂ ਤੇ ਦੇਸ਼ ਦਾ ਕਲਿਆਣ ਉਸ ਸਮੇਂ ਤੱਕ ਸੰਭਵ ਨਹੀਂ, ਜਦੋਂ ਤੱਕ ਜ਼ਮੀਨੀ ਸੁਧਾਰਾਂ ਤਹਿਤ ਵੱਡੇ ਜਗੀਰਦਾਰਾਂ ਤੋਂ ਵਾਧੂ ਜ਼ਮੀਨ, ਕਾਰਪੋਰੇਟਸ ਦਾ ਸਰਮਾਇਆ ਜ਼ਬਤ ਕਰਕੇ ਲੋੜਵੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਨਹੀਂ ਵੰਡਿਆ ਜਾਂਦਾ, ਸਰਕਾਰੀ ਸੇਵਾਵਾਂ ਤੇ ਸੰਸਥਾਵਾਂ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ। ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਲੋਕਾਂ ਦੀ ਅਸਲ ਪੁੱਗਤ ਤੇ ਬੰਦਖਲਾਸੀ ਲਈ ਇਸ ਵੋਟਾਂ ਬਟੋਰੂ ਟੋਲੇ ਦੀਆਂ ਲੁਭਾਉਣੀਆਂ ਰਾਹਤਾਂ ਦਾ ਲਾਲਚ ਤਿਆਗ ਕੇ ਏਕੇ ਨਾਲ ਅੰਦੋਲਨ ਦਾ ਇੱਕੋ-ਇੱਕ ਦਰੁਸਤ ਰਾਹ ਹੈ। ਇਸ ਮੌਕੇ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਰੂਪ ਸਿੰਘ ਛੰਨਾ ਸਮੇਤ ਸਥਾਨਕ ਆਗੂ ਹਾਜ਼ਰ ਸਨ।