ਜੋਗਿੰਦਰ ਸਿੰਘ ਮਾਨ
ਮਾਨਸਾ, 15 ਦਸੰਬਰ
ਪੰਜਾਬ ਕਿਸਾਨ ਯੂਨੀਅਨ, ਇਨਕਲਾਬੀ ਨੌਜਵਾਨ ਸਭਾ, ਆੜ੍ਹਤੀ ਅਸ਼ੋਸ਼ੀਏਸ਼ਨ, ਕਰਿਆਣਾ ਅਸੋਸ਼ੀਏਸਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਂਣ ਲਈ ਮੋਦੀ ਸਰਕਾਰ ਦੀ ਅਰਥੀ ਸਾੜਦਿਆਂ ਮੰਗ ਕੀਤੀ ਕਿ ਸਰਕਾਰ ਜਲਦੀ ਕਾਲੇ ਕਾਨੂੰਨ ਰੱਦ ਕਰੇ। ਇਸ ਮੌਕੇ ਏਕਟੂ ਦੇ ਕੇਂਦਰੀ ਆਗੂ ਰਾਜਵਿੰਦਰ ਰਾਣਾ, ਕਰਿਆਣਾ ਅਸੋਸੀਏਸ਼ਨ ਦੇ ਸੁਰੇਸ਼ ਨੰਦਗੜੀਆ, ਇਨਕਲਾਬੀ ਨੌਜਵਾਨ ਸਭਾ ਦੇ ਵਿੰਦਰ ਅਲਖ ਆੜ੍ਹਤੀ ਅਸੋਸੀਏਸ਼ਨ ਦੇ ਟੋਨੀ ਨੇ ਸੰਬੋਧਨ ਕਰਦਿਆਂ ਕਿਹਾ ਮੋਦੀ ਸਰਕਾਰ ਅੰਬਾਨੀ-ਅੰਦਾਨੀ ਹੱਥ ਵਿੱਕ ਚੁੱਕੀ ਹੈ ਤੇ ਪੂਰੇ ਦੇਸ਼ ਨੂੰ ਕਾਰਪੋਰੇਟਰਾਂ ਦੇ ਹੱਥ ਵੇਚ ਦੇਣਾ ਚਾਹੁੰਦੀ ਹੈ ਜੋ ਦੇਸ਼ ਦੀ ਜਨਤਾ ਕਦੇ ਬਰਦਾਸ਼ਤ ਨਹੀ ਕਰੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੀ ਹੈ, ਨੇ ਅੱਜ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਦੱਸ ਦਿੱਤਾ ਕਿ ਉਹ ਸਿਰਫ ਅੰਬਾਨੀਆਂ ਦੀ ਹਿਤੈਸੀ ਹੈ, ਨਾ ਕਿ ਕਿਸਾਨ, ਮਜ਼ਦੂਰਾਂ, ਦੁਕਾਨਦਾਰਾਂ ਦੀ। ਉਨ੍ਹਾਂ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ ’ਚ ਖੁੱਲ੍ਹੇ ਆਸਮਾਨ ਥੱਲੇ ਬੈਠੇ ਹਨ ਪਰ ਮੋਦੀ ਸਰਕਾਰ ਕਿਸਾਨਾਂ ਨੂੰ ਅਣਦੇਖਿਆਂ ਕਰਕੇ ਆਪਣੇ ਅੰਤਲੇ ਦਿਨ ਗਿਣ ਰਹੀ ਹੈ| ਉਨ੍ਹਾਂ ਕਿਹਾ ਕਿ ਗੋਰੇ ਅੰਗਰੇਜ਼ਾਂ ਤੋਂ ਬਾਅਦ ਮੁੜ ਕਾਲੇ ਅੰਗਰੇਜ਼ਾਂ ਖ਼ਿਲਾਫ਼ ਮਜ਼ਦੂਰ-ਕਿਸਾਨ-ਦੁਕਾਨਦਾਰ-ਮੁਲਾਜ਼ਮ ਤੇ ਵੱਖ ਵੱਖ ਧਰਮਾਂ ਦੇ ਲੋਕ ਇਕੱਠੇ ਹੋਏ ਹਨ| ਆਗੂਆਂ ਨੇ ਖੱਟੜ ਸਰਕਾਰ ਜੋ ਮੁੜ ਤੋਂ ਪੰਜਾਬ ਤੋਂ ਦਿੱਲੀ ਮੋਰਚੇ ਵਿੱਚ ਜਾ ਰਹੇ ਕਿਸਾਨ ਦਾ ਰਾਹ ਰੋਕਣ ਵਾਲੇ ਘਟੀਆ ਕਰਨਾਮੇ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ|
ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਹਰ ਵਰਗ ਉਤਾਵਲਾ
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪਿਛਲੇ 74 ਦਿਨਾਂ ਤੋਂ ਮੋਦੀ ਸਰਕਾਰ ਖ਼ਿਲਾਫ਼ ਲਗਾਤਾਰ ਧਰਨਾ ਚੱਲ ਰਿਹਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਦਿੱਲੀ ਵਿਖੇ ਪੱਕੇ ਮੋਰਚਾ ਲਾਉਣ ਲਈ 26 ਨਵੰਬਰ ਤੋਂ ਪੂਰੀ ਤਰਾਂ ਦਿੱਲੀ ਨੂੰ ਜਾਮ ਕੀਤਾ ਹੋਇਆ ਹੈ ਤੇ ਸਮੇਂ ਹਾਕਮ ਮੋਦੀ ਸਰਕਾਰ ਅੰਦੋਲਨ ਨੂੰ ਤੋੜਨ ਲਈ ਹਰ ਤਰਾਂ ਦੇ ਹੱਥ ਕੰਢੇ ਅਪਣਾ ਕਿ ਸਾਜਿਸ ਤਹਿਤ ਫਰਜੀ ਤੇ ਫੁੱਟਪਾਉ ਜਥੇਬੰਦੀਆ ਪੈਦਾ ਕਰਕੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਯਤਨਸੀਲ ਹੈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਕ੍ਰਿਸਨ ਚੋਹਾਨ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਭਾਰਤੀ ਕਿਸਾਨ ਯੂਨੀਅਨ ਤੇਜ਼ ਸਿੰਘ ਚਕੇਰੀਆ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਵਿੰਦਰ ਸਰਮਾ, ਪੰਜਾਬ ਕਿਸਾਨ ਯੂਨੀਅਨ ਦੇ ਬੋਹੜ ਸਿੰਘ, ਮੈਡੀਕਲ ਪ੍ਰੈਕਟੀਸ਼ਰਜ਼ ਐਸੋਏਸਨ ਦੇ ਧੰਨਾ ਮੱਲ ਗੋਇਲ ਨੇ ਧਰਨੇ ਨੂੰ ਸੰਬੋਧਨ ਕਰਦਿਆ ਕੀਤਾ।