ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਸੂਬਾ ਸਰਕਾਰ ਦੀ ਚਾਰ ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਮੁਹਿੰਮ ਠੁਸ ਹੋ ਚੁੱਕੀ ਹੈ। ਸੂਬੇ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਪਿੰਡ ਚੂਹੜਚੱਕ ਵਾਸੀਆਂ ਨੇ ਸਰਕਾਰੀ ਝਾਕ ਛੱਡ ਕੇ ਖ਼ੁਦ ਨਸ਼ਾ ਤਸਕਰੀ ਰੋਕਣ ਤੇ ਨੌਜਵਾਨੀ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ। ਪਿੰਡ’ਚ, ‘ਇਸ ਗਲੀ ’ਚ ਚਿੱਟਾ ਲੈਣ ਜਾਣਾ ਮਨ੍ਹਾ ਹੈ’, ਦੇ ਬੋਰਡ ਲੱਗ ਗਏ ਹਨ ਅਤੇ ਨੌਜਵਾਨਾ ਵੱਲੋਂ ਪਹਿਰਾ ਵੀ ਸ਼ੁਰੂ ਕੀਤਾ ਗਿਆ ਹੈ।
ਥਾਣਾ ਅਜੀਤਵਾਲ ਮੁਖੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਲਗਾਤਾਰ ਛਾਪੇ ਮਾਰ ਕੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ।ਇ ਸ ਮੌਕੇ ਸਾਬਕਾ ਫੌਜੀ ਗੁਰਦਰਸ਼ਨ ਸਿੰਘ, ਅਮਰ ਸਿੰਘ, ਬਿੱਕਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ਾ ਨੌਜਵਾਨ ਲੜਕੇ, ਲੜਕੀਆਂ ਨੂੰ ਤਬਾਹੀ ਵੱਲ ਲੈ ਕੇ ਜਾ ਰਿਹਾ ਹੈ ਅਤੇ ਜਵਾਨ ਧੀਆਂ, ਪੁੱਤਾਂ ਦੀਆਂ ਅਰਥੀਆਂ ਬਿਰਧ ਮਾਪਿਆਂ ਵੱਲੋਂ ਨਸ਼ਿਆਂ ਦੇ ਕਾਰਨ ਹੋਈਆਂ ਮੌਤਾਂ ਕਾਰਨ ਚੁੱਕਣੀਆਂ ਪੈ ਰਹੀਆਂ ਹਨ ਪ੍ਰੰਤੂ ਨਸ਼ਾ ਤਸਕਰੀ ਰੁਕਣ ਦੀ ਬਜਾਏ ਤੇਜ਼ ਹੋ ਰਹੀ ਹੈ ਉਹਨਾਂ ਮੰਗ ਕਰਦਿਆਂ ਕਿਹਾ ਕਿ ਨਸ਼ਾ ਤਸਕਰੀ ਨਾਲ ਜੁੜੇ ਮਾੜੇ ਅਨਸਰਾਂ ਨੂੰ ਸਖਤ ਸਜਾਵਾਂ ਦੇ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇ ਤਾਂ ਜੋ ਮਿਸਾਲ ਪੈਦਾ ਹੋ ਸਕੇ। ਉਨ੍ਹਾਂ ਸਾਰੇ ਪਿੰਡ ਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਸਮੁੱਚੇ ਸਾਰੇ ਵਰਗ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਇਸ ਵਿਰੋਧੀ ਸਮਾਜਿਕ ਬੁਰਾਈ ਵਿਰੁੱਧ ਲੜਿਆ ਜਾ ਸਕੇ।
ਕਾਰਤੂਸਾਂ ਸਮੇਤ ਇੱਕ ਕਾਬੂੂ
ਫਾਜ਼ਿਲਕਾ (ਪੱਤਰ ਪ੍ਰੇਰਕ): ਥਾਣਾ ਸਦਰ ਪੁਲੀਸ ਫਾਜ਼ਿਲਕਾ ਨੇ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਮਿਲਖ ਰਾਜ ਨੇ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਸਮੇਵਾਲੀ ਆਰਮੀ ਰੋਡ ਪਿੰਡ ਕੋੜਿਆਂ ਵਾਲੀ ਮੌਜੂਦ ਸੀ ਤਾਂ ਕੋੜਿਆਂ ਵਾਲੀ ਤੋਂ ਇਕ ਵਿਅਕਤੀ ਆਪਦੇ ਹੱਥ ’ਚ ਮੋਮੀ ਲਿਫਾਫਾ ਫੜ੍ਕੇ ਆ ਰਿਹਾ ਸੀ। ਜਿਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਕਾਰਤੂਸ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਪਵਨ ਕੁਮਾਰ ਵਾਸੀ ਕੋੜਿਆਂ ਵਾਲੀ ਦੇ ਰੂਪ ’ਚ ਹੋਈ ਹੈ। ਪੁਲੀਸ ਨੇ ਇਸ ਵਿਅਕਤੀ ਖਿਲਾਫ਼ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।