ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 7 ਸਤੰਬਰ
ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਤੇ ਆਲਾ-ਦੁਆਲਾ ਸਾਫ ਰੱਖਣ ਦੇ ਉਦੇਸ਼ ਨਾਲ ਕੂੜੇ ਦੇ ਪ੍ਰਬੰਧਨ ਵਾਸਤੇ ਵਾਤਾਵਰਣ ਮੰਤਰੀ ਗੁਰਮੀਤ ਸਿੰੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ’ਚ ਵਿੱਢੀ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦਾ 4 ਹੋਰ ਵਾਰਡਾਂ ’ਚ ਅੱਜ ਆਗਾਜ਼ ਕੀਤਾ ਗਿਆ। ਇਸ ਸਬੰਧੀ ਸਮਾਗਮ ਸ਼ਹਿਰ ਦੇ ਬਾਬਾ ਸਾਹਿਰ ਭੀਮ ਰਾਓ ਅੰਬੇਦਕਰ ਪਾਰਕ ’ਚ ਕੀਤਾ ਗਿਆ। ਏਡੀਸੀ ਪਰਮਵੀਰ ਸਿੰਘ ਨੇ ਕਿਹਾ ਕਿ ਕੂੜੇ ਦਾ ਨਬਿੇੜਾ ਤਾਂ ਹੀ ਹੋ ਸਕਦਾ ਹੈ, ਜੇ ਕੂੜਾ ਵੱਖੋ ਵੱਖ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਗਿੱਲੇ ਕੂੜੇ ਨੂੰ ਪਿਟਸ ’ਚ ਪਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਅੱਗੇ ਵੱਖ ਵੱਖ ਕਰ ਕੇ ਉਸਦਾ ਨਬਿੇੜਾ ਕੀਤਾ ਜਾਂਦਾ ਹੈ। ਮੀਤ ਹੇਅਰ ਦੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ, ‘‘ਆਲਾ-ਦੁਆਲਾ ਸਾਫ਼ ਰੱਖਣਾ ਸਾਡਾ ਫਰਜ਼ ਹੈ ਤੇ ਇਸ ਮੁਹਿੰਮ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।’’ ਇਸ ਮੌਕੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੱਧੂ ਨੇ ਕਿਹਾ ਕਿ ਕੂੜੇ ਦੇ ਪ੍ਰਬੰਧਨ ਲਈ ਸ਼ਹਿਰ ’ਚ 150 ਦੇ ਕਰੀਬ ਹੋਰ ਨਵੀਆਂ ਰੇਹੜੀਆਂ ਲਾਈਆਂ ਜਾਣਗੀਆਂ। ਸਫਾਈ ਸੇਵਕਾਂ ਨੂੰ ਰਿਫਲੈਕਟਰ ਜੈਕੇਟਾਂ, ਦਸਤਾਨੇ ਤੇ ਵਾਰਡ ਵਾਸੀਆਂ ਨੂੰ ਥੈਲੇ ਤੇ ਗਿੱਲੇ ਕੂੜੇ ਤੋਂ ਤਿਆਰ ਖਾਦ ਵੀ ਵੰਡੀ ਗਈ।