ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਵਰ੍ਹੇ ਦੇ ਅੰਤਿਮ ਰੇਡੀਓ ਪ੍ਰੋਗਰਾਮਾਂ ਦੀ ਲੜੀ ਤਹਿਤ ਕਿਸਾਨਾਂ ਨੇ ਨਹੀਂ ਸੁਣੀ ‘ਮਨ ਕੀ ਬਾਤ’। ਇਸ ਦੌਰਾਨ ਥਾਲੀਆਂ ਨਾਲ ਅਸਮਾਨ ਗੂੰਜ ਉੱਠਿਆ। ਕਿਸਾਨਾਂ ਨੇ ਥਾਲੀਆਂ ਤ ਹੋਰ ਭਾਂਡੇ ਖੜਕਾ ਕੇ ਪ੍ਰਗੋਰਾਮ ਦਾ ਵਿਰੋਧ ਕੀਤਾ। ਇਥੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 63ਵੇਂ ਤੇ ਆਧੂਨਿਕ ਤਕਨੀਕ ਵਾਲੇ ਅਡਾਨੀ ਅਨਾਜ ਭੰਡਾਰ ਅੱਗੇ 88ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਮੌਕੇ ਜਥੇਬੰਦੀ ਆਗੂਆਂ, ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ, ਲਖਵੀਰ ਸਿੰਘ ਖੋਸਾ ਨੇ ਕਿਹਾ ਕਿ ਕਿ ਕਿਸਾਨਾਂ ਦੇ ਤੇਜ਼ ਠੰਢ ਦੇ ਬਾਵਜੂਦ ਹੌਸਲੇ ਬੁਲੰਦ ਹਨ। ਇਸ ਦੌਰਾਨ ਬੀਕੇਯੂ ਕ੍ਰਾਂਤੀਕਾਰੀ ਆਗੂ ਗਿਆਨੀ ਛਿੰਦਰ ਸਿੰਘ,ਪਰਮਿੰਦਰ ਦਿਸੰਘ ਬਰਾੜ, ਤਾਰਾ ਸਿੰਘ ਮੋਗਾ ਦੀ ਅਗਵਾਈ ਹੇਠ ਧਰਮਕੋਟ ਹਲਕੇ ਦੇ ਪਿੰਡਾਂ ਵਿੱਚ ਵੀ ਮੋਦੀ ਦੀ ਮਨ ਕੀ ਬਾਤ ਦਾ ਭਾਂਡੇ ਖੜਕਾ ਕੇ ਵਿਰੋਧ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ) ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਪਾਰਟੀ ਵੱਲੋਂ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮਾਨਸਾ ਕਚਹਿਰੀ ਰੋਡ ’ਤੇ ਖਾਲੀ ਥਾਲੀਆਂ ਖੜਕਾਕੇ ਮੋਦੀ ਦੇ ‘ਮਨ ਕੀ ਬਾਤ’ ਦਾ ਵਿਰੋਧ ਕੀਤਾ ਗਿਆ,ਜਿਸ ਵਿੱਚ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਹਿੱਸਾ ਲਿਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਕਿਸੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਨੂੰ ਭਜਾਉਣ ਲਈ ਥਾਲੀ ਖੜਕਾਉਣ ਲਈ ਕਿਹਾ ਕਿ ਅੱਜ ਕਿਸਾਨਾਂ ਨੇ ਨਰਿੰਦਰ ਮੋਦੀ ਨੂੰ ਜਗਾਉਣ ਲਈ ਥਾਲੀਆਂ ਖੜਕਾਈਆਂ। ਥਾਲੀਆਂ ਖੜਕਾਉਣ ਵਿੱਚ ਕਿਸਾਨ, ਮਜ਼ਦੂਰ ਤੇ ਵਪਾਰੀ ਵਰਗ ਨੇ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਧਰਨੇ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਨਹੀਂ ਮੰਨੀ ਜਾ ਰਹੀ ਜਿਸ ਕਰਕੇ ਕਿਸਾਨਾਂ ਦੇ ਨਾਲ ਖੜ੍ਹੇ ਲੋਕ ਥਾਲੀਆਂ ਖੜਕਾ ਕੇ ਆਪਣਾ ਹਿੱਸਾ ਪਾ ਰਹੇ ਹਨ।
ਬੁਢਲਾਡਾ (ਐਨ.ਪੀ.ਸਿੰਘ) ਇੱਥੇ ਅੱਜ 86ਵੇਂ ਦਿਨ ਵੀ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ 30 ਕਿਸਾਨ ਜੱਥੇਬੰਦੀਆਂ ਵੱਲੋਂ ਅਰੰਭਿਆ ਗਿਆ ਕਿਸਾਨ ਧਰਨਾ ਕੜਾਕੇ ਦੀ ਠੰਢ ਵਿੱਚ ਵੀ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਹਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਸਾਨਾਂ ਵੱਲੋਂ ਅੱਜ ਮੋਦੀ ਖ਼ਿਲਾਫ਼ ਥਾਲੀਆਂ ਖੜਕਾਉਣ ਤੋਂ ਬਾਅਦ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਖੇਤੀਬਾੜੀ ਦੇ ਉਤਪਾਦਨ ਵਿੱਚ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਪਰ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਸੁਧਾਰਨ ਵੱਲ ਉਚੇਚੇ ਕਦਮ ਨਹੀਂ ਚੁੱਕੇ ਬਲਕਿ ਉਨ੍ਹਾਂ ਦਾ ਸ਼ੋਸ਼ਨ ਹੀ ਕੀਤਾ ਜਾਂਦਾ ਰਿਹਾ ਹੈ।
ਆਲ ਇੰਡੀਆ ਕਿਸਾਨ ਸਭਾ ਦੇ ਆਗੂ ਜਸਵੰਤ ਸਿੰਘ ਬੀਰੋਕੇ ਕਲਾਂ, ਸਵਰਨ ਸਿੰਘ ਬੋੜਾਵਾਲ ਦਾ ਕਹਿਣਾ ਸੀ ਕਿ ਖੇਤੀ ਅਤੇ ਖਾਣ-ਪੀਣ ਦੀਆਂ ਵਸਤਾਂ ਉੱਤੇ ਹਮੇਸ਼ਾ ਹੀ ਕਾਰਪੋਰੇਟ ਘਰਾਣਿਆਂ ਦੀ ਇਜ਼ਾਰੇਦਾਰੀ ਕਾਇਮ ਰਹੀ ਹੈ।
‘ਮਨ ਕੀ ਬਾਤ’ ਦੌਰਾਨ ਨਗਾਰਾ ਵਜਾ ਕੇ ਪਾਇਆ ਖਲਲ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ) ਕਸਬਾ ਸ਼ਹਿਣਾ ਦੇ ਮੁੱਖ ਬਾਜ਼ਾਰ ’ਚ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਬਾਈਕਾਟ ਕੀਤਾ ਗਿਆ ਤੇ ਮੋਦੀ ਤੇਰੇ ਮਨ ਕੀ ਬਾਤ ਨਹੀਂ ਸੁਣੇਂਗੇ ਨਹੀਂ ਸੁਣੇਂਗੇ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਨਗਾਰਾ ਵਜਾ ਕੇ ਮੋਦੀ ਦੀ ‘ਮਨ ਕੀ ਬਾਤ’ ’ਚ ਖਲਲ ਪਾਇਆ ਗਿਆ। ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਹਰ ਵਰਗ ਲਈ ਘਾਤਕ ਹਨ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਦੇਸ਼-ਵਿਦੇਸ਼ ਤੋਂ ਵਿਰੋਧ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੀ ਅੜੀ ਪਗਾਉਣ ’ਚ ਲੱਗੀ ਹੈ। ਸਰਪੰਚ ਮਲਕੀਤ ਕੌਰ ਕਲਕਤਾ ਨੇ ਕਿਹਾ ਕਿ ਕੇਂਦਰ ਨੂੰ ਖੇਤੀ ਵਿਰੋਧੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਬਾਬਾ ਨਿਰਮਲ ਸਿੰਘ ਨੇ ਕਿਹਾ ਕਿ ਸਾਡੇ ਪੁਰਾਣੇ ਆੜ੍ਹਤੀ ਤੇ ਦੁਕਾਨਦਾਰਾਂ ਨੂੰ ਖਤਮ ਕਰਕੇ ਨਵੇਂ ਕੋਟ-ਪੈਂਟ ਵਾਲੇ ਬਾਬੂ ਫਸਲ ਦਾ ਮੁੱਲ ਆਪਣੀ ਮਰਜ਼ੀ ਨਾਲ ਤਹਿ ਕਰਨਗੇ। ਕਿਸਾਨਾਂ ਦੀਆਂ ਫਸਲਾਂ ਤੇ ਜਮੀਨ ਦੀ ਕਦਰ ਘਟ ਜਾਵੇਗੀ। ਇਸ ਮੌਕੇ ਨੀਲਮ ਸਿੰਘ, ਲਖਵੀਰ ਸਿੰਘ ਤੇ ਹੋਰ ਨੌਜਵਾਨਾਂ ਵੱਲੋਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਹਾਜ਼ਰ ਔਰਤਾਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ।