ਨਵਕਿਰਨ ਸਿੰਘ
ਮਹਿਲ ਕਲਾਂ, 25 ਫਰਵਰੀ
ਮਹਿਲ ਕਲਾਂ ਖੇਤਰ ਦੇ ਪਿੰਡਾਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ‘ਜੰਗਲੀ ਜਾਨਵਰ’ (ਕਥਿਤ ਤੇਂਦੂਆ) ਹੋਣ ਦੀ ਫੈਲੀ ਦਹਿਸ਼ਤ ਲੋਕਾਂ ਵਿੱਚ ਅਜੇ ਵੀ ਬਰਕਰਾਰ ਹੈ। ਪਿਛਲੇ ਦੋ ਦਿਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡਾਂ ਦਾ ਦੌਰਾ ਕਰਕੇ ਪਿੰਜਰੇ ਤਾਂ ਲਗਾਏ ਗਏ ਹਨ ਪਰ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਅੱਜ ਪਿੰਡ ਸਹੌਰ ਵਾਸੀਆਂ ਵੱਲੋਂ ਪ੍ਰਸ਼ਾਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਸ਼ੱਕੀ ਜਾਨਵਰ ਫੜਨ ਦੀ ਮੰਗ ਕੀਤੀ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਜਾਨਵਰ ਦੀਆਂ ਪੈੜਾਂ ਖੇਤਾਂ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਤੇ ਸੀਸੀਟੀਵੀ ਕੈਮਰਿਆਂ ‘ਚ ਤਸਵੀਰਾਂ ਆ ਰਹੀਆਂ ਹਨ , ਜਿਸ ਕਾਰਨ ਲੋਕ ਡਰੇ ਹੋਏ ਹਨ।
ਇਸ ਸਬੰਧੀ ਵਣ ਅਤੇ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਗੁਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸ਼ੱਕੀ ਜੀਵ ਤੇਂਦੂਆਂ ਨਹੀਂ ਬਲਕਿ ‘ਜੰਗਲੀ ਬਿੱਲਾ’ ਹੋ ਸਕਦਾ ਹੈ, ਇਸਤੋਂ ਡਰਨ, ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਪ੍ਰਜਾਤੀ ਆਮ ਤੌਰ ਉੱਤੇ ਮਨੁੱਖ ’ਤੇ ਹਮਲਾ ਨਹੀਂ ਕਰਦੀ ਹੈ।