ਪਰਸ਼ੋਤਮ ਬੱਲੀ
ਬਰਨਾਲਾ, 21 ਅਗਸਤ
ਇੱਥੇ ਅੱਜ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਤਲ ਕਰਨ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾਅ ਕੀਤੇ ਜਾਣ ਖ਼ਿਲਾਫ਼ ‘ਇਨਸਾਫ਼ ਮਾਰਚ’ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਨਾਰਾਇਣ ਦੱਤ, ਪ੍ਰਿਤਪਾਲ ਸਿੰਘ ਬਠਿੰਡਾ, ਚਰਨਜੀਤ ਕੌਰ, ਪ੍ਰੇਮਪਾਲ ਕੌਰ ਤੇ ਜਗਰਾਜ ਟੱਲੇਵਾਲ ਆਦਿ ਨੇ ਕਿਹਾ ਕਿ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਕਰ ਕੇ ਉਸ ਨੂੰ ਕਤਲ ਕਰਨ ਵਾਲੇ 11 ਮੈਂਬਰੀ ਗਰੋਹ ਦੀ ਸਜ਼ਾ ਮੁਆਫ਼ੀ ਦਾ ਫੈਸਲਾ ਰੱਦ ਕੀਤਾ ਜਾਵੇ। ਉਨ੍ਹਾਂ ਮੋਦੀ ਹਕੂਮਤ ’ਤੇ ਦੋਹਰੇ ਮਾਪਦੰਡ ਅਪਣਾਏ ਜਾਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਬਲਾਤਕਾਰੀਆਂ/ਕਾਤਲਾਂ ਦੀਆਂ ਸਜ਼ਾਵਾਂ ਰੱਦ ਕਰ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਜਦਕਿ ਦੂਜੇ ਪਾਸੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਦਲਿਤ ਚਿੰਤਕਾਂ ਤੇ ਵਕੀਲਾਂ ਨੂੰ ਦੇਸ਼ਧ੍ਰੋਹ ਵਰਗੇ ਮੁਕੱਦਮੇ ਦਰਜ ਕਰ ਕੇ ਲੰਬੇ ਸਮੇਂ ਤੋਂ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਕੈਦ ਕੀਤਾ ਹੋਇਆ ਹੈ। ਆਗੂਆਂ ਨੇ ਬਿਲਕੀਸ ਬਾਨੋ ਵੱਲੋਂ ਇਨਸਾਫ਼ ਲਈ ਲੜੀ ਗਈ 20 ਸਾਲਾਂ ਦੀ ਲੰਬੀ ਲੜਾਈ ਨਾਲ ਇੱਕਮੁੱਠਤਾ ਪ੍ਰਗਟ ਕੀਤੀ।
ਇਸ ਮੌਕੇ ਖੁਸ਼ੀਆ ਸਿੰਘ, ਡਾ. ਰਾਜਿੰਦਰ ਪਾਲ, ਮਾ. ਮਨੋਹਰ ਲਾਲ, ਸੋਹਣ ਸਿੰਘ ਮਾਝੀ ਤੇ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਦਲਿਤ ਵਿਦਿਆਰਥੀ ਇੰਦਰ ਮੇਘਵਾਲ ਦੀ ਉੱਚ ਜਾਤੀ ਦੇ ਅਧਿਆਪਕ ਵੱਲੋਂ ਪਾਣੀ ਵਾਲਾ ਘੜਾ ਛੂਹਣ ’ਤੇ ਕੁੱਟਮਾਰ/ਕਤਲ ਕੀਤਾ ਜਾਣਾ ਦਰਸਾਉਂਦਾ ਹੈ ਕਿ ਇਸ ਅਖੌਤੀ ਆਜ਼ਾਦੀ ਦੇ 75 ਸਾਲ ਬੀਤਣ ਤੋਂ ਬਾਅਦ ਵੀ ਦਲਿਤਾਂ ਨੂੰ ਪੈਰ-ਪੈਰ ’ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਸਮੇਂ ਗੁਰਮੀਤ ਸੁਖਪੁਰਾ, ਰਾਜੀਵ ਕੁਮਾਰ, ਅਨਿਲ ਕੁਮਾਰ, ਮੋਹਣ ਸਿੰਘ, ਕੁਲਵੀਰ ਸਿੰਘ ਔਲਖ, ਨਿਰਮਲ ਸਿੰਘ ਚੁਹਾਣਕੇ ਤੇ ਕਿਰਨਜੀਤ ਕੌਰ ਆਦਿ ਆਗੂ ਵੀ ਹਾਜ਼ਰ ਸਨ।