ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਸਤੰਬਰ
ਪੰਜਾਬ ਵਿਚ ਲਾਲ ਬੱਤੀ ਕਲਚਰ ਭਾਵੇਂ ਲਗਪਗ ਖਤਮ ਹੋ ਗਿਆ ਹੈ ਪਰ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ ਲੈ ਲਈ ਹੈ। ਥਾਣਾ ਕੋਟ ਈਸੇ ਖਾਂ ਪੁਲੀਸ ਨੇ ਲੰਘੀ ਰਾਤ ਇਕ ਪੁਲੀਸ ਅਫ਼ਸਰ ਦੇ ਪੋਤਰੇ, ਜੋ 12ਵੀਂ ਜਮਾਤ ਦਾ ਵਿਦਿਆਰਥੀ ਹੈ, ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਪੁਲੀਸ ਸਟਿੱਕਰ, ਹੂਟਰ ਤੇ ਕਾਲੀ ਫ਼ਿਲਮ ਲੱਗੀ ਗੱਡੀ ਥਾਣੇ ’ਚ ਬੰਦ ਕਰ ਦਿੱਤੀ।
ਥਾਣਾ ਕੋਟ ਈਸੇ ਖਾਂ ਵਿਚ ਹਰਜੋਤ ਸਿੰਘ ਵਾਸੀ ਕੋਟ ਈਸੇ ਖਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 188/268/171 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਲੰਘੀ ਰਾਤ ਕਰੀਬ ਸਵਾ 9 ਵਜੇ ਏਐੱਸਆਈ ਕਮਲਜੀਤ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਹਰਜੋਤ ਸਿੰਘ ਪੁਲੀਸ ਸਟਿੱਕਰ, ਹੂਟਰ ਤੇ ਕਾਲੀ ਫ਼ਿਲਮ ਲੱਗੀ ਗੱਡੀ ਨੂੰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਵੀ ਦਰਜ ਕਰ ਦਿੱਤਾ ਤੇ ਗੱਡੀ ਵੀ ਥਾਣੇ ਬੰਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸੂਬੇ ’ਚ ਲਾਲ ਬੱਤੀ ਭਾਵੇਂ ਗੱਡੀਆਂ ’ਤੇ ਲੱਗੀ ਹੋਈ ਕਿਧਰੇ ਨਜ਼ਰ ਨਹੀਂ ਆ ਰਹੀ ਪਰ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਜਿਪਸੀਆਂ ’ਤੇ ਹੂਟਰ ਜ਼ਰੂਰ ਵੱਜ ਰਹੇ ਹਨ।
ਕਾਨੂੰਨ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਡੀਐੱਸਪੀ
ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਆਖਿਆ ਕਿ ਜੇ ਲਾਲ ਬੱਤੀ ਸੱਭਿਆਚਾਰ ਨੂੰ ਖਤਮ ਕਰ ਕੇ ਹੂਟਰ ਸੱਭਿਆਚਾਰ ਹੀ ਉਤਸ਼ਾਹਿਤ ਹੋ ਗਿਆ ਤਾਂ ਫਿਰ ਲਾਲ ਬੱਤੀ ਨੂੰ ਖਤਮ ਕਰਨ ਦਾ ਕੀ ਫਾਇਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।