ਪੱਤਰ ਪ੍ਰੇਰਕ
ਮਾਨਸਾ, 28 ਸਤੰਬਰ
ਪ੍ਰਾਈਵੇਟ ਫਾਇਨਾਂਸ ਕੰਪਨੀਆਂ ਖ਼ਿਲਾਫ਼ ਜ਼ਿਲ੍ਹਾ ਕਚਹਿਰੀ ਮਾਨਸਾ ਵਿਚ ਚੱਲ ਰਹੇ ਦਿਨ-ਰਾਤ ਦੇ ਔਰਤ ਕਰਜ਼ਾ ਮੁਕਤੀ ਧਰਨੇ ਦੇ ਪੰਜਵੇਂ ਦਿਨ ਸੀਪੀਆਈ (ਐੱਮ.ਐੱਲ) ਲਬਿਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਔਰਤ ਹੱਲਾ ਬੋਲ ਰੈਲੀ ਕੀਤੀ ਅਤੇ ਸ਼ਹਿਰ ਅੰਦਰ ਦੂਜੀ ਜੰਗ-ਏ-ਆਜ਼ਾਦੀ ਲਈ ਇਨਕਲਾਬੀ ਮਾਰਚ ਕੀਤਾ। ਇਸ ਮੌਕੇ ਕ੍ਰਿਸ਼ਣਾ ਕੌਰ, ਰਾਜ ਰਾਣੀ, ਮਹਿੰਦਰ ਕੌਰ, ਮਨਜੀਤ ਕੌਰ ਅਤੇ ਸਰਬਜੀਤ ਕੌਰ ਨੇ ਭਗਤ ਸਿੰਘ ਦੇ ਜਨਮ ਦਿਨ ’ਤੇ ਕਰਜ਼ਾ ਮੁਆਫ਼ੀ ਅਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਸੰਘਰਸ਼ ਦੇ ਮੈਦਾਨ ਵਿਚ ਡਟਣ ਦਾ ਸੰਕਲਪ ਲਿਆ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਉਂ ਨੇ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਚਲਦਾ ਕਰਨ ਲਈ ਦੂਜੀ ਜੰਗ-ਏ-ਆਜ਼ਾਦੀ ਦੀ ਲੜਾਈ ਤੇਜ਼ ਕਰਨੀ ਚਾਹੀਦੀ ਹੈ। ਇਸ ਮੌਕੇ ਨਿੱਕਾ ਸਿੰਘ, ਗੁਰਸੇਵਕ ਸਿੰਘ ਮਾਨ, ਗੁਰਮੀਤ ਨੰਦਗੜ੍ਹ, ਗੁਰਜੰਟ, ਜਸਵੀਰ ਕੌਰ, ਮੱਖਣ ਸਿੰਘ ਨੇ ਸੰਬੋਧਨ ਕੀਤਾ।