ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਕਤੂਬਰ
ਇਥੇ ਮਾਰਕੀਟ ਕਮੇਟੀ ਦੀ ਨਵੀਂ ਅਨਾਜ ਮੰਡੀ ਦੇ ਗੇਟ ਕੋਲੋਂ ਡਿਪਟੀ ਕਮਿਸ਼ਨਰ ਦੇ ਦਖ਼ਲ ਨਾਲ ਉਜਾੜੇ ਸੈਂਕੜੇ ਤੋਂ ਵਧ ਫਲ ਤੇ ਸਬਜ਼ੀ ਦੁਕਾਨਦਾਰਾਂ ਕੋਲੋਂ ਮੁੜ ਉਹੀ ਥਾਂ ਅਲਾਟਮੈਂਟ ਕਰ ਕੇ ਪ੍ਰਤੀ ਦੁਕਾਨਦਾਰ ਇੱਕ ਲੱਖ ਰੁਪਏ ‘ਗੁੰਡਾ ਟੈਕਸ’ ਵਸੂਲੀ ਲਈ ਹਾਕਮ ਧਿਰ ਦਾ ਸਿਆਸੀ ਆਗੂ ਅਤੇ ਮੰਡੀ ਬੋਰਡ ਅਧਿਕਾਰੀ ਹੱਥ ਰੰਗਣ ਲਈ ਕਾਹਲੇ ਹਨ। ਇਸ ਮੁੱਦੇ ’ਤੇ ਮੰਡੀ ਬੋਰਡ ਦੇ ਦੋ ਅਧਿਕਾਰੀਆਂ ’ਚ ਅੰਦਰੂਨੀ ਜੰਗ ਵੀ ਸ਼ੁਰੂ ਹੋ ਗਈ ਹੈ। ਡੀਸੀ ਦੇ ਦਖ਼ਲ ਤੇ ਪੁਲੀਸ ਇਮਦਾਦ ਨਾਲ ਖਾਲੀ ਕਰਵਾਈ ਜਗ੍ਹਾ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਮੰਡੀ ਬੋਰਡ ਅਧਿਕਾਰੀਆਂ ਨੇ ਡੀਸੀ ਨੂੰ ਬਾਈਪਾਸ ਕਰ ਦਿੱਤਾ ਹੈ। ਕਥਿਤ ਗੁੰਡਾ ਟੈਕਸ ਦਾ ਸੌਦਾ ਕਰਕੇ ਮੁੜ ਉਜਾੜੇ ਵਾਲੀ ਥਾਂ ਅਲਾਟਮੈਂਟ ਕਰਨ ਲਈ ਸਿੱਧੀ ਮੁੱਖ ਦਫ਼ਤਰ ਨਾਲ ਪੱਤਰ ਵਿਹਾਰ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੁੱਦੇ ’ਤੇ ਮਾਰਕੀਟ ਕਮੇਟੀ ਸਕੱਤਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਦਰਮਿਆਨ ਤਿੱਖੀ ਸ਼ਬਦਾਵਲੀ ਜੰਗ ਵੀ ਹੋ ਚੁੱਕੀ ਹੈ। ਸੇਵਾਮੁਕਤੀ ’ਚ ਸਿਰਫ਼ 2 ਮਹੀਨੇ ਦਾ ਸਮਾਂ ਰਹਿਣ ਕਰ ਕੇ ਸਕੱਤਰ ਪ੍ਰਸ਼ਾਸਨ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲੀ ਕਾਰਵਾਈ ਤੋਂ ਡਰ ਰਿਹਾ ਹੈ। ਦੁਕਾਨਦਾਰਾਂ ਨੇ ‘ਗੁੰਡਾ ਟੈਕਸ’ ਦੇ ਪਾਜ ਉਧੇੜਦੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਲੱਖ ਰੁਪਏ ਬਿਨਾਂ ਰਸੀਦ ਐਂਡਵਾਸ ਅਤੇ ਕਿਰਾਏ ਵਜੋਂ 200 ਰੁਪਏ ਪ੍ਰਤੀ ਦਿਨ ਪਰਚੀ ਕੱਟਣ ਲਈ ਕਿਹਾ ਗਿਆ ਹੈ। ਬਹੁਤੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਇਹ ਕਥਿਤ ਗੁੰਡਾ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਨੇ ਸਬਜ਼ੀ ਵਿਕਰੇਤਾ ਨੂੰ ਮੁੜ ਪੁਰਾਣੀ ਜਗ੍ਹਾ ਅਲਾਟ ਕਰਨ ਦੀ ਕਾਰਵਾਈ ਕਬੂਲਦੇ ਹੋਏ ਦੁਕਾਨਦਾਰਾਂ ਕੋਲੋਂ ਇੱਕ ਲੱਖ ਰੁਪਏ ਮੰਗਣ ਦੀ ਗੱਲ ਨੂੰ ਝੂਠੀ ਤੇ ਬੇਬੁਨਿਆਦ ਆਖਿਆ ਹੈ।
ਮਾਰਕੀਟ ਕਮੇਟੀ ਸਕੱਤਰ ਵਜ਼ੀਰ ਸਿੰਘ ਨੇ ਦਫ਼ਤਰੀ ਮਾਮਲਾ ਹੋਣ ਦੀ ਗੱਲ ਆਖਦੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।