ਪੱਤਰ ਪ੍ਰੇਰਕ
ਸਮਾਲਸਰ, 1 ਅਕਤੂਬਰ
ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਖੇਤੀ ਬਿੱਲਾਂ ਖ਼ਿਲਾਫ਼ ਰੋਡੇ ਕਾਲਜ ਰੋਡ ਉੱਪਰ ਦਸ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਜਾਮ ਲਾਇਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਯੂਥ ਵਿੰਗ ਸੂਬਾ ਆਗੂ ਬਲਕਰਨ ਵੈਰੋਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ ਨੇ ਕਿਹਾ ਕਿ ਇਹ ਤਿੰਨ ਬਿੱਲ ਤੀਹਰੇ ਕਤਲ ਦੀ ਸਾਜ਼ਿਸ਼ ਹੈ, ਜੋ ਕਿਸਾਨ, ਮਜ਼ਦੂਰ ਅਤੇ ਗਾਹਕ ਨੂੰ ਤਬਾਹ ਕਰ ਦੇਣਗੇ। ਬਿੱਲ ਜਿੱਥੇ ਅਨਾਜ ਦੀ ਸਰਕਾਰੀ ਖਰੀਦ ਨੂੰ ਸਮਾਪਤ ਕਰ ਰਹੇ ਨੇ, ਉੱਥੇ ਹੀ ਲੱਖਾਂ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰ ਕੇ ਯੂਰਪ ਦੀ ਤਰਜ਼ ’ਤੇ ਹਜ਼ਾਰਾਂ ਏਕੜ ਦੇ ਵੱਡੇ ਫਾਰਮ ਸਥਾਪਤ ਕਰਕੇ ਵੱਡੀਆਂ ਕੰਪਨੀਆਂ ਨੂੰ ਖੇਤੀ ਖੇਤਰ ’ਤੇ ਕਬਜ਼ਾ ਕਰਾਉਣ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦਾ ਹਸ਼ਰ ਵੀ ਦੂਸਰੇ ਤਾਨਾਸ਼ਾਹਾਂ ਵਰਗਾ ਹੋਵੇਗਾ।
ਆਗੂਆਂ ਨੇ ਕਿਹਾ ਕੇ ਬਿੱਲ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।