ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਕਤੂਬਰ
ਸੀਪੀਆਈ (ਐੱਮ) ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਵਾਉਣ ਸਬੰਧੀ ਅੱਜ ਇੱਥੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ।
ਪਾਰਟੀ ਦੇੇ ਸੂਬਾ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਦੱਸਿਆ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੀਆ ਗਰੰਟੀਆਂ ਨੂੰ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਮਿਸਾਲੀ ਬਹੁਮਤ ਨਾਲ ਸੱਤਾ ਵਿੱਚ ਆਈ ਕੋਈ ਸਰਕਾਰ ਆਪਣੇ ਕਾਰਜਕਾਲ ਦੇ ਛੇ ਮਹੀਨਿਆਂ ਵਿੱਚ ਹੀ ਪੂਰੀ ਤਰ੍ਹਾਂ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੋਵੇ।
ਐਡਵੋਕੇਟ ਉੱਡਤ ਨੇ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ, ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਤੇ ਪੰਜਾਬ ਪੁਲੀਸ ਦੇ ਮੂਕ ਦਰਸਕ ਬਣਕੇ ਬੈਠੇ ਰਹਿਣ ਦੇ ਰਵੱਈਏ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਅਤੇ ਪੰਜਾਬ ਪੁਲੀਸ ਪੂਰੀ ਤਰ੍ਹਾਂ ਅਪਰਾਧੀਆਂ ਦੀ ਕਥਿਤ ਪੁਸ਼ਤਪਨਾਹੀ ਕਰ ਰਹੀ ਹੈ। ਇਸ ਮੌਕੇ ਅਮਰਜੀਤ ਸਿੰਘ ਖੋਖਰ, ਅਵਤਾਰ ਸਿੰਘ ਛਾਪਿਆਂਵਾਲੀ,ਰਾਜੂ ਗੌਸਵਾਮੀ,ਰਾਜ ਕੁਮਾਰ ਗਰਗ, ਬਲਵਿੰਦਰ ਸਿੰਘ ਕੋਟਧਰਮੂ, ਜਲੌਰ ਸਿੰਘ ਕੋਟਧਰਮੂ, ਸੁਰੇਸ਼ ਕੁਮਾਰ, ਬੀਰਬਲ ਚੌਹਾਨ, ਗੁਰਚਰਨ ਸਿੰਘ ਮਾਨਸਾ ਵੀ ਮੌਜੂਦ ਸਨ।