ਪੱਤਰ ਪ੍ਰੇਰਕ
ਹੰਡਿਆਇਆ, 17 ਜੁਲਾਈ
ਨੇੜਲੇ ਪਿੰਡ ਧਨੌਲਾ ਖੁਰਦ ਵਿੱਚ ਚੋਰਾਂ ਵਲੋਂ ਇੱਕ ਘਰ ’ਚ ਦਾਖਲ ਹੋ ਕੇ ਸਾਢੇ 14 ਲੱਖ ਰੁਪਏ ਦੀ ਚੋਰੀ ਕਰ ਲਈ ਗਈ। ਜਾਣਕਾਰੀ ਦਿੰਦਿਆਂ ਪੀੜਤ ਸੁਖਜਿੰਦਰ ਪਾਲ ਸਿੰਘ ਢਿੱਲੋਂ ਪੁੱਤਰ ਹਰਮੇਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ। ਜਦੋਂ ਘਰ ਆ ਕੇ ਦੇਖਿਆ ਤਾਂ ਅਲਮਾਰੀਆਂ ਦਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਦੀ ਕੇਬਲ ਕੱਟ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਸੁਖਜਿੰਦਰਪਾਲ ਸਿੰਘ ਢਿੱਲੋਂ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ਵਿੱਚ 27 ਤੋਲੇ ਸੋਨਾ ਅਤੇ 55 ਹਜ਼ਾਰ ਨਗਦ ਕੁੱਲ ਸਾਢੇ 14 ਲੱਖ ਰੁਪਏ ਦੀ ਚੋਰੀ ਕੀਤੀ ਹੈ। ਪੁਲੀਸ ਚੌਕੀ ਹੰਡਿਆਇਆ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਤੇ ਸਤਗੁਰ ਸਿੰਘ ਨੇ ਮੌਕੇ ’ਤੇ ਜਾ ਕੇ ਪੜਤਾਲ ਕੀਤੀ। ਸੀਆਈਏ ਸਟਾਫ ਬਰਨਾਲਾ ਤੋਂ ਡੋਗ ਸੈਕੂਐਡ ਦੀ ਟੀਮ ਨੇ ਵੀ ਪੁੱਜ ਕੇ ਪੜਤਾਲ ਕੀਤੀ। ਪੁਲੀਸ ਚੌਕੀ ਹੰਡਿਆਇਆ ਦੇ ਇੰਚਾਰਜ ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ
ਸਾਦਿਕ (ਪੱਤਰ ਪ੍ਰੇਰਕ): ਲੰਘੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜੇ ਜਿਨ੍ਹਾਂ ਵਿੱਚੋਂ ਦੋ ਦੁਕਾਨਾਂ ਦਾ ਤਾਂ ਬਚਾਅ ਹੋ ਗਿਆ ਤੇ ਇਕ ਦੁਕਾਨ ਸੰਧੂ ਆਇਰਨ ਸਟੋਰ ਵਿੱਚੋਂ ਲੋਹੇ, ਸਟੀਲ ਅਤੇ ਪਿੱਤਲ ਦੀਆਂ ਟੂਟੀਆਂ, ਸ਼ਾਵਰ ਆਦਿ ਚੋਰੀ ਹੋ ਗਏ। ਦੁਕਾਨ ਦੇ ਉੱਪਰ ਬਣੇ ਮਕਾਨ ਵਿੱਚ ਰਹਿ ਰਹੇ ਦੁਕਾਨਦਾਰ ਅਪਰਅਪਾਰ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨ ਅੰਦਰੋਂ ਮਹਿੰਗਾ ਸਾਮਾਨ ਜਿਸ ਦੀ ਕੀਮਤ ਕਰੀਬ ਡੇਢ ਤੋਂ ਦੋ ਲੱਖ ਦੇ ਕਰੀਬ ਬਣਦੀ ਹੈ ਗਾਇਬ ਸੀ। ਉਨ੍ਹਾਂ ਵੱਲੋਂ ਪੁਲੀਸ ਨੂੰ ਸੂਚਿਤ ਕਰਨ ਉਪਰੰਤ ਘਟਨਾ ਸਥਾਨ ’ਤੇ ਪਹੁੰਚੀ ਪੁਲੀਸ ਦੱਲੋਂ ਸੀਸੀਟੀਵੀ ਫੁਟੇਜ ਤੇ ਹੋਰ ਸਬੂਤਾਂ ਦੇ ਅਧਾਰ ’ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।