ਜਸਵੰਤ ਜੱਸ
ਫਰੀਦਕੋਟ, 7 ਜੁਲਾਈ
ਇਥੇ ਅੱਜ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਹੋਈ, ਜਿਸ ਦੀ ਅਗਵਾਈ ਵਿਧਾਇਕ ਨੇ ਕੀਤੀ। ਇਸ ਦੌਰਾਨ 25 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹੁਣ ਤੱਕ ਨਗਰ ਕੌਂਸਲ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਲੋਕਾਂ ਦੀ ਸਹੂਲਤ ਲਈ ਲੋੜੀਂਦੇ ਕੰਮ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਨਗਰ ਕੌਂਸਲ ਅਧੀਨ ਰੁਕੇ ਹੋਏ ਕੰਮਾਂ ਨੂੰ ਇਸੇ ਹਫ਼ਤੇ ਮੁੜ ਸ਼ੁਰੂ ਕੀਤਾ ਜਾਵੇਗਾ। ਨਗਰ ਕੌਂਸਲ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕਿਹਾ ਕਿ ਵਿਧਾਇਕ ਦੀ ਅਗਵਾਈ ਵਿੱਚ ਇਹ ਪਲੇਠੀ ਮੀਟਿੰਗ ਸੀ ਜਿਸ ਵਿੱਚ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰਨ ਦੇ ਮਤੇ ਪਾਸ ਹੋਏ ਹਨ। ਕਾਂਗਰਸੀ ਕੌਂਸਲਰ ਡਾ. ਜਾਗੀਰ ਸਿੰਘ ਨੇ ਕੌਂਸਲ ਦੇ ਕੰਮਾਂ ਦੀ ਵਿਜੀਲੈਂਸ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਕੌਂਸਲ ਪ੍ਰਧਾਨ ਨੇ ਕਿਹਾ ਕਿ ਕੋਈ ਵੀ ਏਜੰਸੀ ਨਗਰ ਕੌਂਸਲ ਦੇ ਕੰਮਾਂ ਦੀ ਜਾਂਚ ਕਰ ਸਕਦੀ ਹੈ ਅਤੇ ਨਗਰ ਕੌਂਸਲ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੌਂਸਲਰਾਂ ਨੇ ਵਿਕਾਸ ਕੰਮਾਂ ਵਿੱਚ ਵਿਘਨ ਪਾਇਆ, ਉਹੀ ਕੌਂਸਲਰ ਹੁਣ ਪੜਤਾਲ ਦੀ ਮੰਗ ਕਰਕੇ ਖੁਦ ਨੂੰ ਬੇਕਸੂਰ ਸਾਬਤ ਕਰਨਾ ਚਾਹੁੰਦੇ ਹਨ। ਵਿਧਾਇਕ ਸੇਖੋਂ ਨੇ ਕਿਹਾ ਕਿ ਨਗਰ ਕੌਂਸਲ ਦੇ ਸਾਰੇ ਕੰਮਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਾਜੈਕਟ ਨਗਰ ਕੌਂਸਲ ਅਧੀਨ ਨਹੀਂ ਹੈ ਅਤੇ ਇਸ ਪ੍ਰਾਜੈਕਟ ਵਿੱਚ ਵੱਡੀਆਂ ਖਾਮੀਆਂ ਹਨ, ਜਿਸ ਦੀ ਵੱਖਰੇ ਤੌਰ ’ਤੇ ਪੜਤਾਲ ਕਰਵਾਈ ਜਾਵੇਗੀ। ਵਿਧਾਇਕ ਨੇ ਕੌਂਸਲਰਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੌਂਸਲ ਦਾ ਕੰਮ 100 ਫੀਸਦੀ ਪਾਰਦਰਸ਼ੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਜਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।