ਜਸਵੰਤ ਜੱਸ
ਫ਼ਰੀਦਕੋਟ, 21 ਦਸੰਬਰ
ਨਸ਼ਾ ਤਸਕਰੀ ਵਿਰੁੱਧ ਬਣੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗੁਰੂ ਹਰਸਹਾਏ ਤੋਂ ਫ਼ਰੀਦਕੋਟ ਆ ਰਹੇ ਇੱਕ ਟਰੱਕ ਵਿੱਚੋਂ 25 ਬੋਰੀਆਂ ਪੋਸਤ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਟਰੱਕ ਵਿੱਚ ਪਸ਼ੂਆਂ ਦੀ ਫੀਡ ਲੱਦੀ ਹੋਈ ਸੀ ਤੇ ਟਰੱਕ ਵਿੱਚ ਹੀ 25 ਬੋਰੀਆਂ ਚੂਰਾ ਪੋਸਤ ਛੁਪਾਇਆ ਹੋਇਆ ਸੀ। ਐੱਸਟੀਐੱਫ ਦੇ ਇੱਕ ਇੰਸਪੈਕਟਰ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਫ਼ਰੀਦਕੋਟ ਦੇ ਬਾਹਰਵਾਰ ਸਾਦਿਕ ਰੋਡ ’ਤੇ ਟਰੱਕ (ਪੀਬੀ05ਐੱਸ-9889) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 25 ਬੋਰੀਆਂ ਪੋਸਤ ਬਰਾਮਦ ਹੋਇਆ। ਪੁਲੀਸ ਨੇ ਇਸ ਮਾਮਲੇ ਵਿੱਚ ਬਲਕਾਰ ਸਿੰਘ ਤੇ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਨ੍ਹਾਂ ਤੋਂ ਹੋਈ ਪੁੱਛ ਪੜਤਾਲ ਦੇ ਆਧਾਰ ’ਤੇ ਮੋਗੇ ਦੇ ਇੱਕ ਉੱਘੇ ਵਪਾਰੀ ਲਕਸ਼ਮੀ ਨਰਾਇਣ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਪਰ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਫੜਿਆ ਗਿਆ ਪੋਸਤ ਲਕਸ਼ਮੀ ਨਰਾਇਣ ਦਾ ਸੀ। ਹਾਲਾਂਕਿ ਲਕਸ਼ਮੀ ਨਰਾਇਣ ਨੇ ਅਗਾਉਂ ਜ਼ਮਾਨਤ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਉਸ ਖ਼ਿਲਾਫ਼ ਸਿਆਸੀ ਰੰਜਿਸ਼ ਕਰਕੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮਾਮਲੇ ’ਚ ਤਿੰਨੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨਕਦੀ ਤੇ ਸਾਮਾਨ ਲੁੱਟਿਆ
ਸ਼ਹਿਣਾ (ਪੱਤਰ ਪ੍ਰੇਰਕ) ਪਿੰਡ ਗਿੱਲ ਕੋਠੇ ਤੋਂ ਕੱਲ੍ਹ ਸ਼ਾਮ ਨੂੰ ਦੁਕਾਨ ਬੰਦ ਕਰਕੇ ਵਾਪਸ ਸ਼ਹਿਣਾ ਵੱਲ ਆ ਰਹੇ ਦੁਕਾਨਦਾਰ ਮਿੱਠੂ ਕੁਮਾਰ ’ਤੇ ਲੁਟੇਰਿਆ ਨੇ ਹਮਲਾ ਕਰਕੇ ਨਕਦੀ ਤੇ ਘਰੇਲੂ ਸਮਾਨ ਖੋਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬੇ ਸ਼ਹਿਣਾ ਦਾ ਮਿੱਠੂ ਕੁਮਾਰ ਲਾਗਲੇ ਪਿੰਡ ਗਿੱਲ ਕੋਠੇ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ, ਉਹ ਆਪਣੀ ਸਕੂਟਰੀ ’ਤੇ ਸ਼ਾਮ ਨੂੰ 7.30 ਵਜੇ ਦੇ ਕਰੀਬ ਵਾਪਸ ਆ ਰਿਹਾ ਸੀ, ਜਿਉਂ ਹੀ ਮਿੱਠੂ ਕੁਮਾਰ ਸੁਖੀਆ ਨਗਰ ਰਸਤੇ ਰਾਹੀਂ ਸ਼ਹਿਣੇ ਆਉਣਾ ਲੱਗਾ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤਿਆਂ ਨੇ ਮਿੱਠੂ ਕੁਮਾਰ ਉਪਰ ਹਮਲਾ ਕਰ ਦਿੱਤਾ। ਮਿੱਠੂ ਦੇ ਮੋਢੇ ’ਤੇ ਸੋਟੀ ਵੱਜੀ ਅਤੇ ਇੱਕ ਡਾਂਗ ਸਕੂਟਰੀ ’ਤੇ ਵੱਜੀ। ਲੁਟੇਰੇ ਨਕਦੀ ਤੇ ਝੋਲੇ ’ਚ ਪਾਇਆ ਸਾਮਾਨ ਖੋਹ ਕੇ ਪਿੰਡ ਮੱਲੀਆਂ ਨੂੰ ਫਰਾਰ ਹੋ ਗਏ।