ਬਲਜੀਤ ਸਿੰਘ
ਸਰਦੂਲਗੜ੍ਹ, 26 ਮਾਰਚ
ਭਾਖੜਾ ਮੇਨ ਬਰਾਂਚ ਦੇ ਫਤਿਹਪੁਰ ਹੈੱਡ ਤੋਂ ਨਿਕਲਣ ਵਾਲੀ ਨਿਊ ਢੰਡਾਲ ਨਹਿਰ ’ਚ ਪਿੰਡ ਆਹਲੂਪੁਰ ਕੋਲ ਪਾੜ ਪੈਣ ਨਾਲ 200 ਏਕੜ ਕਣਕ ਦੀ ਫਸਲ ’ਚ ਪਾਣੀ ਭਰ ਗਿਆ। ਪਿੰਡ ਆਹਲੂਪੁਰ ਦੇ ਕਿਸਾਨ ਸਰਪੰਚ ਜਗਜੀਤ ਸਿੰਘ, ਜਸਵੰਤ ਸਿੰਘ, ਸੋਨੂੰ ਸਿੰਘ, ਗੁਰਸਾਹੁਬ ਸਿੰਘ, ਭਗਵੰਤ ਸਿੰਘ, ਸੁਲਤਾਨਵੀਰ ਸਿੰਘ, ਨਿਸ਼ਾਨ ਸਿੰਘ ਤੇ ਰਮਨ ਸਾਊ ਆਦਿ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਨੂੰ ਪਾਣੀ ਸਪਲਾਈ ਦੇਣ ਵਾਲੀ ਨਿਊ ਢੰਡਾਲ ਨਹਿਰ ਦੇ ਹੇਠ ਪੁਲ (ਸਾਇਫਨ) ਬਣਾ ਕੇ ਹਰਿਆਣੇ ਦੇ ਪਿੰਡਾਂ ਨੂੰ ਪਾਣੀ ਸਪਲਾਈ ਕਰਨ ਵਾਲੀ ਸੁਖਚੈਨ ਨਹਿਰ ਲੰਘਾਈ ਗਈ ਹੈ। ਸੁਖਚੈਨ ਨਹਿਰ ਦਾ ਇਹ ਪੁਲ (ਸਾਇਫਨ) ’ਚ ਕੋਈ ਮਰਿਆ ਪਸ਼ੂ ਜਾਂ ਘਾਹ ਫੂਸ ਆਦਿ ਜਮਾਂ ਹੋਣ ਕਰਕੇ ਬੰਦ ਹੋ ਜਾਂਦਾ ਹੈ। ਪਾਣੀ ਰੁਕ ਜਾਣ ਕਰਕੇ ਇਸ ਦਾ ਪਾਣੀ ਓਵਰਫਲੋ ਹੋ ਕੇ ਨਿਊ ਢੰਡਾਲ ਨਹਿਰ ਚ ਪੈਣ ਲੱਗ ਜਾਂਦਾ ਹੈ। ਨਿਊ ਢੰਡਾਲ ਨਹਿਰ ਚ ਜਿਆਦਾ ਪਾਣੀ ਹੋਣ ਕਰਕੇ ਇਸ ਦੇ ਕੰਮਜ਼ੋਰ ਕਿਨਾਰੇ ਟੁੱਟ ਜਾਂਦੇ ਹਨ ਜਿਸ ਦਾ ਖੁਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਨਹਿਰ ਚ ਪਾੜ ਪੈਣ ਕਰਕੇ 200 ਏਕੜ ਦੇ ਕਰੀਬ ਕਣਕ ਦੀ ਫਸਲ ’ਚ ਪਾਣੀ ਭਰ ਗਿਆ। ਫ਼ਸਲ ’ਚ ਪਾਣੀ ਖੜ੍ਹ ਜਾਣ ਕਰੇ ਕਣਕ ਦੀ ਫਸਲ ਨੁਕਸਾਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਿਊ ਢੰਡਾਲ ਨਹਿਰ ਦਾ ਸਬੰਧਤ ਮਹਿਕਮੇ ਵੱਲੋਂ ਧਿਆਨ ਨਾ ਦੇਣ ਕਰਕੇ ਸਾਫ਼ ਸਫ਼ਾਈ ਪੱਖੋਂ ਵੀ ਬੁਰਾ ਹਾਲ ਹੈ। ਇਹ ਨਹਿਰ ਹਰ ਸਾਲ 2-3 ਥਾਂਵਾਂ ਤੋਂ ਟੁੱਟ ਜਾਂਦੀ ਹੈ। ਮੌਕੇ ’ਤੇ ਪਹੁੰਚੇ ਸਬੰਧਤ ਮਹਿਕਮੇ ਨੇ ਨਿਊ ਢੰਡਾਲ ਨਹਿਰ ਚ ਜੇਸੀਬੀ ਨਾਲ ਪੁਲ (ਸਾਇਫਨ) ਦੇ ਕੋਲੋ ਨਹਿਰ ’ਚ ਪਾੜ ਲਾ ਕੇ ਸੁਖਚੈਨ ਨਹਿਰ ਦੇ ਪਾਣੀ ਨੂੰ ਮੁੜ ਤੋ ਸੁਖਚੈਨ ਨਹਿਰ ’ਚ ਪੈਂਦਾ ਕਰ ਦਿੱਤਾ। ਨਿਊ ਢੰਡਾਲ ਦਾ ਪਾਣੀ ਇਕ ਵਾਰ ਬੰਦ ਕਰ ਦਿੱਤਾ ਗਿਆ।
ਨਹਿਰੀ ਮਹਿਕਮੇ ਦੇ ਐੱਸਡੀਓ ਗੁਣਦੀਪ ਸਿੰਘ ਨੇ ਕਿਹਾ ਕਿ ਸੁਖਚੈਨ ਨਹਿਰ ਦਾ ਪਾਣੀ ਓਵਰਫਲੋਅ ਹੋਕੇ ਇਸ ਨਹਿਰ ਵਿੱਚ ਪੈਣ ਲੱਗ ਗਿਆ ਜਿਸ ਕਰਕੇ ਨਿਊ ਢੰਡਾਲ ਨਹਿਰ ’ਚ ਜ਼ਿਆਦਾ ਪਾਣੀ ਹੋਣ ਕਰਕੇ ਇਹ ਨਹਿਰ ਟੁੱਟ ਗਈ। ਉਨ੍ਹਾਂ ਕਿਹਾ ਕਿ ਹਰਿਆਣਾ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਰਹੇ ਸਨ। ਜਲਦੀ ਹੀ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ।