ਜਸਵੰਤ ਜੱਸ
ਫ਼ਰੀਦਕੋਟ, 15 ਜੂਨ
ਫ਼ਰੀਦਕੋਟ ਦੇ ਇੱਕ ਅਮੀਰ ਪਰਿਵਾਰ ਨੇ ਇੱਕ ਨੌਜਵਾਨ ਨੂੰ ਕੈਨੇਡਾ ਵਿੱਚ ਪਰਿਵਾਰ ਸਮੇਤ ਪੀ.ਆਰ. (ਪੱਕੀ ਰਿਹਾਇਸ਼) ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ 18 ਲੱਖ 37 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲੀਸ ਨੇ ਲੰਬੀ ਪੜਤਾਲ ਤੋਂ ਬਾਅਦ ਇਸ ਮਾਮਲੇ ਵਿੱਚ ਮਹਿੰਦਰਪਾਲ ਸਿੰਘ ਅਤੇ ਗੁਰਪ੍ਰੀਤਇੰਦਰਪਾਲ ਖਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਰਮਨਦੀਪ ਸਿੰਘ ਵਾਸੀ ਫ਼ਰੀਦਕੋਟ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਲਿਖਤੀ ਸ਼ਿਕਾਇਤ ਕਰ ਕੇ ਦੋਸ਼ ਲਾਇਆ ਸੀ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਕੈਨੇਡਾ ਦੀ ਪੀ.ਆਰ. ਦਿਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਇਸ ਬਦਲੇ ਮੁਲਜ਼ਮਾਂ ਨੇ ਉਸ ਤੋਂ 18 ਲੱਖ 37 ਹਜ਼ਾਰ ਰੁਪਏ ਵਸੂਲੇ ਸਨ ਪਰ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਪੀ.ਆਰ. ਨਹੀਂ ਮਿਲ ਸਕੀ ਅਤੇ ਨਾ ਹੀ ਸ਼ਿਕਾਇਤਕਰਤਾ ਨੂੰ ਉਸ ਦੇ ਪੈਸੇ ਵਾਪਸ ਮਿਲੇ। ਫਰੀਦਕੋਟ ਦੇ ਡੀ.ਐੱਸ.ਪੀ (ਡੀ) ਨੇ ਆਪਣੀ ਪੜਤਾਲ ਰਿਪੋਰਟ ਵਿੱਚ ਪੀ.ਆਰ. ਦਿਵਾਉਣ ਬਦਲੇ 18 ਲੱਖ 37 ਹਜ਼ਾਰ ਰੁਪਏ ਦੀ ਠੱਗੀ ਵੱਜਣ ਦੀ ਪੁਸ਼ਟੀ ਕੀਤੀ ਸੀ।
ਹਾਲਾਂਕਿ ਮੁਲਜ਼ਮਾਂ ਨੇ ਪੜਤਾਲ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨਾਲ ਕੋਈ ਠੱਗੀ ਨਹੀਂ ਮਾਰੀ ਅਤੇ ਨਾ ਹੀ ਪੈਸੇ ਲਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਸਿਟੀ ਪੁਲੀਸ ਫ਼ਰੀਦਕੋਟ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।