ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਅਪਰੈਲ
ਇੱਥੇ ਥਾਣਾ ਮਹਿਣਾ ਦੇ ਬਾਹਰ ਮਾਲ ਮੁਕੱਦਮਿਆਂ ਵਿੱਚ ਜ਼ਬਤ ਕੀਤੀਆਂ 17 ਗੱਡੀਆਂ ਸੜ ਗਈਆਂ। ਪੁਲੀਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਾਹਨਾਂ ਦੇ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਖ਼ਤਮ ਹੋ ਚੁੱਕੇ ਸਨ ਤੇ ਸਾਰੀਆਂ ਕਬਾੜਨੁਮਾ ਸਨ। ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਤੇ ਥਾਣਾ ਮਹਿਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਕਿਹਾ ਕਿ ਖੇਤਾਂ ਵਿੱਚੋਂ ਕਣਕ ਦੇ ਨਾੜ ਤੋਂ ਨਿਕਲੀ ਚੰਗਿਆੜੀ ਕਾਰਨ ਥਾਣੇ ਬਾਹਰ ਖੜ੍ਹੀਆਂ ਤਕਰੀਬਨ 17 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵਾਹਨ ਉਹ ਸਨ ਜੋ ਅਪਰਾਧਿਕ ਮਾਮਲਿਆਂ ਵਿੱਚ ਕਿਸੇ ਵਿਅਕਤੀ ਦੀ ਮਲਕੀਅਤ ਸਨ। ਜਦੋਂ ਤੱਕ ਅੱਗ ਬੁਝਾਊ ਗੱਡੀਆਂ ਮੌਕੇ ਉੱਤੇ ਪੁੱਜੀਆਂ, ਉਦੋਂ ਤੱਕ ਥਾਣੇ ਦੇ ਬਾਹਰ ਖੜ੍ਹੀਆਂ ਸਾਰੀਆਂ ਗੱਡੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ ਅਤੇ ਥਾਣੇ ਦੇ ਅੰਦਰ ਖੜ੍ਹੇ ਵਾਹਨਾਂ ਦਾ ਬਚਾਅ ਹੋ ਗਿਆ।