ਪੱਤਰ ਪ੍ਰੇਰਕ
ਮਾਨਸਾ, 15 ਜੂਨ
ਜ਼ਿਲ੍ਹਾ ਪ੍ਰਸ਼ਾਸਨ ਨੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਅੱਜ 16 ਪ੍ਰਚਾਰ ਵੈਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜ ਦਿੱਤੀਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਵਿਖਾ ਕੇ ਵੈਨਾਂ ਨੂੰ ਰਵਾਨਾ ਕੀਤਾ।
ਏਡੀਸੀ ਸ੍ਰੀ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 15 ਤੋਂ 21 ਜੂਨ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਲੋਕਾਂ ਨੂੰ ਕੋਵਿਡ-19 ਦੀ ਚਪੇਟ ਵਿੱਚ ਆਉਣ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਨਗਰ ਕੌਂਸਲ ਮਾਨਸਾ, ਬੁਢਲਾਡਾ ਅਤੇ ਬਰੇਟਾ ਲਈ 2-2 ਵੈਨਾਂ ਸ਼ਹਿਰੀ ਇਲਾਕਿਆਂ ਵਿੱਚ ਪ੍ਰਚਾਰ ਕਰਨ ਅਤੇ ਜ਼ਿਲ੍ਹੇ ਦੇ 5 ਬਲਾਕਾਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਝੁਨੀਰ ਅਤੇ ਜੋਗਾ ਬਲਾਕ ਵਿੱਚ 2-2 ਵੈਨਾਂ ਪੇਂਡੂ ਖੇਤਰ ਵਿੱਚ ਪ੍ਰਚਾਰ ਲਈ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 16 ਜੂਨ ਨੂੰ ਆਂਗਨਵਾੜੀ ਵਰਕਰਾਂ ਵੱਲੋਂ ਬੈਜ ਲਗਾ ਕੇ ਆਂਗਨਵਾੜੀਆਂ ਵਿੱਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ।