ਜਸਵੰਤ ਜੱਸ
ਫ਼ਰੀਦਕੋਟ, 11 ਅਗਸਤ
ਇੱਥੇ ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਾਰਡਾਂ ਵਿੱਚ ਕਰੀਬ 15 ਸਾਲ ਪੁਰਾਣੇ 200 ਤੋਂ ਵੱਧ ਗੱਦਿਆਂ ਨੂੰ ਅੱਜ ਹਸਪਤਾਲ ਪ੍ਰਸ਼ਾਸਨ ਨੇ ਸਰਕਾਰ ਦੀ ਸਖਤੀ ਤੋਂ ਬਾਅਦ ਬਦਲ ਦਿੱਤਾ। ਹੁਣ ਇਨ੍ਹਾਂ ਵਾਰਡਾਂ ਵਿੱਚ ਪੰਜਾਬ ਦੇ ਸਿਹਤ ਮੰਤਰੀ ਜੌੜੇਮਾਜਰਾ ਵੱਲੋਂ ਭੇਜੇ ਗਏ ਗੱਦਿਆਂ ਨੂੰ ਲਾਇਆ ਜਾ ਰਿਹਾ ਹੈ। ਹਾਲਾਂਕਿ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾਅਵਾ ਕਰ ਰਹੇ ਸਨ ਕਿ ਵਾਰਡ ਵਿੱਚ ਸਿਰਫ਼ ਇੱਕੋ ਹੀ ਗੱਦਾ ਗੰਦਾ ਸੀ ਅਤੇ ਸਾਜਿਸ਼ ਤਹਿਤ ਕੁਝ ਵਿਅਕਤੀ ਸਿਹਤ ਮੰਤਰੀ ਨੂੰ ਉਸ ਵਾਰਡ ਵਿੱਚ ਲੈ ਕੇ ਗਏ ਅਤੇ ਉਹੀ ਗੱਦਾ ਸਿਹਤ ਮੰਤਰੀ ਨੂੰ ਜਾਣ ਬੁੱਝ ਕੇ ਦਿਖਾਇਆ ਗਿਆ ਪਰ ਅੱਜ ਹਸਪਤਾਲ ਦੇ ਅਧਿਕਾਰੀਆਂ ਨੇ ਵੱਖ-ਵੱਖ ਵਾਰਡਾਂ ਵਿੱਚੋਂ 200 ਤੋਂ ਵੱਧ ਗੰਦੇ ਗੱਦੇ ਬਦਲੇ ਹਨ। ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਬਦਲੇ ਗਏ ਗੰਦੇ ਗੱਦਿਆਂ ਨੂੰ ਯੂਨੀਵਰਸਿਟੀ ਦੇ ਸਟੋਰ ਵਿੱਚ ਰੱਖਿਆ ਜਾਵੇਗਾ ਤੇ ਵਾਰਡਾਂ ਵਿੱਚ ਨਵੇਂ ਗੱਦੇ ਭੇਜ ਦਿੱਤੇ ਗਏ ਹਨ। ਯੂਨੀਵਰਸਿਟੀ ਮੁਲਾਜ਼ਮ ਯੂਨੀਅਨ ਦੇ ਆਗੂ ਵਿਕਾਸ ਅਰੋੜਾ, ਹਰਜਿੰਦਰ ਸਿੰਘ ਤੇ ਆਸ਼ਾ ਰਾਣੀ ਨੇ ਕਿਹਾ ਕਿ ਅਜੇ ਕੁਝ ਹੋਰ ਵੀ ਵਾਰਡਾਂ ’ਚ ਨਵੇਂ ਬੈੱਡ ਤੇ ਗੱਦਿਆਂ ਦੀ ਜ਼ਰੂਰਤ ਹੈ। ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਕੋਈ ਇਮਾਨਦਾਰ ਵਾਈਸ ਚਾਂਸਲਰ ਦਿੱਤਾ ਜਾਵੇ ਤਾਂ ਜੋ ਯੂਨੀਵਰਸਿਟੀ ਮੈਡੀਕਲ ਸਿੱਖਿਆ ਤੇ ਸਿਹਤ ਸਹੂਲਤਾਂ ਲਈ ਵੱਡੇ ਪੱਧਰ ’ਤੇ ਕੰਮ ਕਰ ਸਕੇ।