ਪੱਤਰ ਪ੍ਰੇਰਕ
ਗਿੱਦੜਬਾਹਾ, 22 ਨਵੰਬਰ
ਪਿੰਡ ਹੁਸਨਰ ਵਿਖੇ ਥੇਹੜੀ ਵਾਲੇ ਰਾਹ ’ਤੇ ਅੱਗ ਲੱਗਣ ਕਾਰਨ ਕਰੀਬ 10 ਟਰਾਲੀਆਂ ਪਰਾਲੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦੇ ਫਾਇਰ ਬ੍ਰਿਗੇਡ ਦੇ ਕੰਵਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਆਪਣੀ ਟੀਮ ਨਾਲ 2 ਫਾਇਰ ਬ੍ਰਿਗੇਡ ਗੱਡੀਆਂ ਲੈ ਕੇ ਮੌਕੇ ’ਤੇ ਪੁੱਜੇ ਅਤੇ ਵੱਡੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉਨ੍ਹਾ ਦੱਸਿਆ ਕਿ ਦੌਲਤ ਰਾਮ ਪੁੱਤਰ ਉਮਾ ਰਾਮ ਨੇ ਪਸ਼ੂਆਂ ਲਈ ਪਰਾਲੀ ਭੰਡਾਰ ਕੀਤੀ ਸੀ ਅਤੇ ਅਚਾਨਕ ਅੱਗ ਲੱਗਣ ਕਾਰਨ ਕਰੀਬ 10 ਟਰਾਲੀਆਂ ਪਰਾਲੀ ਸੜ ਗਈ, ਜਦਕਿ 20 ਟਰਾਲੀਆਂ ਦੇ ਕਰੀਬ ਪਰਾਲੀ ਫਾਇਰ ਬ੍ਰਿਗੇਡ ਵੱਲੋਂ ਬਚਾ ਲਈ ਗਈ। ਉਨ੍ਹਾਂ ਦੱਸਿਆ ਕਿ ਜੇ ਮੌਕੇ ਰਹਿੰਦਿਆਂ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਆਸ-ਪਾਸ ਦੇ ਘਰਾਂ ਤੱਕ ਪੁੱਜ ਸਕਦੀ ਸੀ।