ਪੱਤਰ ਪ੍ਰੇਰਕ
ਸ਼ਾਹਕੋਟ, 25 ਮਈ
ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਸਕੱਤਰ ਕਸ਼ਮੀਰ ਮੰਡਿਆਲਾ, ਸੋਨੂੰ ਅਰੋੜਾ ਅਤੇ ਵਿੱਕੀ ਪੰਡੋਰੀ ਦੀ ਪ੍ਰਧਾਨਗੀ ਹੇਠ ਪਿੰਡ ਸਿਆਣੀਵਾਲ ਵਿੱਚ ਵਰਕਸ਼ਾਪ ਲਗਾਈ ਗਈ। ਇਸ ਮੌਕੇ ਨੌਜਵਾਨਾਂ ਨੂੰ ਫਿਰਕੂ ਫਾਸ਼ੀ ਹਮਲਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਸਭਾ ਦੇ ਸੂਬਾਈ ਆਗੂ ਕਰਮਜੀਤ ਮਾਣੂੰਕੇ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿਚ ਫੇਲ੍ਹ ਹੋ ਚੁੱਕੇ ਸਾਮਰਾਜੀ ਆਰਥਿਕ ਮਾਡਲ ਨੂੰ ਦੇਸ਼ ਵਿਚ ਲਾਗੂ ਕਰਕੇ ਭਾਰਤੀ ਹਾਕਮ ਪਬਲਿਕ ਅਦਾਰੇ ਦਾ ਖਾਤਮਾ ਕਰ ਰਹੇ ਹਨ। ਨੌਜਵਾਨਾਂ ਦੀ ਲਾਮਬੰਦੀ ਤੇ ਸੰਘਰਸ਼ ਨਾਲ ਹੀ ਕਿਰਤੀਆਂ ਦੀ ਮੁਕਤੀ ਹੋ ਸਕਦੀ ਹੈ। ਜ਼ਿਲ੍ਹਾ ਪ੍ਰਧਾਨ ਜਸਕਰਨ ਆਜ਼ਾਦ ਨੇ ਕਿਹਾ ਕਿ ਹਾਕਮਾਂ ਵੱਲੋਂ ਧਾਰਨ ਕੀਤੀਆਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਨਾਲ ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਪਿਛਲੇ 40 ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ। ਆਗੂਆਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਲਾਮਬੰਦ ਹੋ ਕੇ ਫਿਰਕੂ ਫਾਸ਼ੀਵਾਦ ਦਾ ਟਾਕਰਾ ਕਰਨ ਲਈ ਸੰਘਰਸ਼ ਕਰਨ।