ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 5 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਨਿੱਜਰਪੁਰਾ ਵਿੱਚ ਰਾਤ ਦੇ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸੁਖਚੈਨ ਸਿੰਘ (24) ਪੁੱਤਰ ਜਗਜੀਤ ਸਿੰਘ ਵਾਸੀ ਵਡਾਲਾ ਜੌਹਲ ਵਜੋਂ ਹੋਈ ਹੈ। ਇਸ ਬਾਰੇ ਮ੍ਰਿਤਕ ਦੇ ਭਰਾ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਵਸਨੀਕ ਜਗਦੀਪ ਸਿੰਘ ਦੇ ਸਾਲੇ ਦਾ ਵਿਆਹ ਸੀ, ਸੁਖਚੈਨ ਸਿੰਘ ਆਪਣੇ ਦੋਸਤ ਜਗਦੀਪ ਸਿੰਘ, ਰਾਜਬੀਰ ਸਿੰਘ ਰਾਜਾ ਜੱਟ ਤੇ ਦੋ ਹੋਰ ਸਾਥੀਆਂ ਨਾਲ ਰਾਤ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਨਿੱਜਰਪੁਰਾ ਗਿਆ ਸੀ। ਉੱਥੇ ਕਿਸੇ ਵਜ੍ਹਾ ਕਾਰਨ ਜਗਦੀਪ ਸਿੰਘ ਤੇ ਰਾਜਬੀਰ ਸਿੰਘ ਰਾਜਾ ਜੱਟ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਤਕਰੀਬਨ 22 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦੇ ਕਸ਼ਮੀਰ ਸਿੰਘ ਨੇ ਕੀਤਾ। ਉਸ ਨੇ ਦੱਸਿਆ ਕੁਝ ਮਹੀਨੇ ਪਹਿਲਾਂ ਹੀ ਮ੍ਰਿਤਕ ਦਾ ਵਿਆਹ ਹੋਇਆ ਸੀ ਤੇ ਉਸ ਦੀ ਪਤਨੀ ਪੜ੍ਹਨ ਲਈ ਕੈਨੇਡਾ ਗਈ ਹੋਈ ਹੈ ਤੇ ਸੁਖਚੈਨ ਵੀ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।