ਜੇਬੀ ਸੇਖੋਂ
ਗੜ੍ਹਸ਼ੰਕਰ, 1 ਦਸੰਬਰ
ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ ਰੇਖ ਅਧੀਨ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋ ਗਿਆ। ਯੁਵਕ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਗੁਰਿੰਦਰ ਸਿੰਘ ਬੈਂਸ, ਗੁਰਮੇਲ ਸਿੰਘ ਗਿੱਲ, ਵੀਰਇੰਦਰ ਸ਼ਰਮਾ, ਪ੍ਰਿੰਸੀਪਲ ਜਸਪਾਲ ਸਿੰਘ, ਪ੍ਰਿੰ ਰੋਹਤਾਂਸ਼, ਪ੍ਰਿੰ. ਸੁਨੀਲ ਖੌਸਲਾ, ਪ੍ਰਿੰ ਬਲਜੀਤ ਸਿੰਘ ਹਾਜ਼ਰ ਹੋਏ। ਸਮਾਰੋਹ ਦੇ ਆਰੰਭ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ‘ਦੇਹ ਸ਼ਿਵਾ ਵਰ ਮੋਹੇ ਇਹੈ’ ਸ਼ਬਦ ਦਾ ਗਾਇਣ ਕੀਤਾ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਦੀ ਰਸਮ ਕੀਤੀ ਗਈ।
ਮੁੱਖ ਮਹਿਮਾਨ ਹਰਜਿੰਦਰ ਸਿੰਘ ਧਾਮੀ ਨੇ ਯੂਥ ਫੈਸਟੀਵਲ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਾਲਜ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਅੱਜ ਦੇ ਉਦਘਾਟਨੀ ਸੈਸ਼ਨ ਦੌਰਾਨ ਹੋਏ ਸ਼ਬਦ, ਭਜਨ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਲਜ ਚੱਬੇਵਾਲ ਨੇ ਦੂਜਾ ਅਤੇ ਬੀਏਐੱਮ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਣ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਸੰਗੀਤ ਵੋਕਲ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਡੀਏਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਤ ਸਾਧੂ ਸਿੰਘ ਕਹਾਰਪੁਰ, ਇਕਬਾਲ ਸਿੰਘ ਖੇੜਾ, ਜਗਦੀਪ ਸਿੰਘ, ਪ੍ਰਿੰ. ਕੁਲਵਿੰਦਰ ਕੌਰ, ਪ੍ਰਿੰ. ਡਾ. ਸਤਵੰਤ ਕੌਰ,ਪ੍ਰਿੰ ਡਾ. ਰਮੇਸ਼ ਕੁਮਾਰੀ, ਪ੍ਰਿੰ ਡਾ, ਅਨੀਤਾ ਕੁਮਾਰੀ, ਪ੍ਰਬੰਧਕੀ ਸਕੱਤਰ ਪ੍ਰੋ ਜਸਵਿੰਦਰ ਸਿੰਘ, ਡਾ ਰਾਕੇਸ਼ ਕੁਮਾਰ ਹਾਜ਼ਰ ਸਨ।
ਯੁਵਕ ਮੇਲਾ: ਖ਼ਾਲਸਾ ਕਾਲਜ ਨੂੰ ਸ਼ਾਨਦਾਰ ਪ੍ਰਦਰਸ਼ਨ ’ਤੇ ਵਧਾਈ
ਅੰਮ੍ਰਿਤਸਰ: ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ‘ਏ’ ਜ਼ੋਨ ਜ਼ੋਨਲ ਦੀ ਓਵਰਆਲ ਟਰਾਫ਼ੀ ਜਿੱਤਣ ’ਤੇ ਕਾਲਜ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦੀ ਟੀਮ ਨੇ ਭੰਗੜਾ, ਝੂਮਰ, ਗਰੁੱਪ ਸ਼ਬਦ, ਵਨ ਐਕਟ ਪਲੇਅ, ਸਕਿੱਟ, ਮਮਿਕਰੀ, ਵਾਰ, ਕਵਿਸ਼ਰੀ, ਗਜ਼ਲ, ਫੋਕ ਡਾਂਸ ਆਦਿ 16 ਵੱਖ ਵੱਖ ਮੁਕਾਬਲਿਆਂ ’ਚ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਕਾਲਜ ਨੇ 8 ਪੇਸ਼ਕਾਰੀਆਂ ’ਚ ਦੂਜਾ ਅਤੇ 5 ਪੇਸ਼ਕਾਰੀਆਂ ’ਚ ਤੀਸਰਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ